ਆਸਾ ਘਰੁ ੧੧ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥
ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥
ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥

ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹੀ ਕਹਹੁ ਕਵਨ ਬਿਧਿ ਤਰੀਐ ਰੇ ॥
ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥੨॥

ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥
ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥

Sahib Singh
ਨਟੂਆ = ਬਹੁ = ਰੂਪੀਆ ।
ਭੇਖ = ਸਾਂਗ ।
ਬਹੁ ਬਿਧ = ਕਈ ਤ੍ਰਹਾਂ ਦੇ ।
ਰੇ = ਹੇ ਭਾਈ !
ਭ੍ਰਮ ਭੀਤਰਿ = ਭਟਕਣਾ ਵਿਚ ਪੈ ਕੇ ।
ਸੁਖਹਿ = ਸੁਖ ਵਿਚ ।੧ ।
ਹਮਾਰੇ ਮੀਤਾ = ਹੇ ਮੇਰੇ ਮਿੱਤਰੋ !
ਆਨੀਤਾ = ਅਨਿੱਤ, ਨਾਸਵੰਤ ।
ਮਿਲਿ = ਮਿਲ ਕੇ ।੧।ਰਹਾਉ ।
ਕੀ = ਦੀ ।
ਕੀਨ@ੀ = ਬਣਾਈ ਹੋਈ ।
ਕਵਨ ਬਿਧਿ = ਕਿਸ ਤਰੀਕੇ ਨਾਲ ?
ਅਗਾਹ = ਅਥਾਹ, ਬਹੁਤ ਡੂੰਘੀ ।
ਗਾਖਰੀ = ਅੌਖੀ ।੨ ।
ਖੋਜਤ = ਭਾਲ ਕਰਦਿਆਂ ।
ਖੋਜਿ = ਭਾਲ ਕਰ ਕੇ ।
ਤਤੁ = ਅਸਲੀਅਤ ।
ਨਿਧਾਨੁ = ਖ਼ਜ਼ਾਨਾ ।
ਨਿਰਮੋਲਕੁ = ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਚੀਜ਼ ਨਹੀਂ ।
ਮਾਣਕੁ = ਮੋਤੀ ।
ਪਤੀਆਨਾ = ਪਰਚ ਜਾਂਦਾ, ਗਿੱਝ ਜਾਂਦਾ ।੩ ।
    
Sahib Singh
ਹੇ ਭਾਈ! ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ ।
ਇਸੇ ਤ੍ਰਹਾਂ) ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ।੧ ।
ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ) ।
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ।੧।ਰਹਾਉ ।
ਹੇ ਭਾਈ! ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤਿ੍ਰ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤ੍ਰਹਾਂ ਪਾਰ ਲੰਘ ਸਕੀਏ ?
(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਅੌਖਾ ਹੈ ।
(ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀਇਸ ਵਿਚੋਂ ਪਾਰ ਲੰਘ ਸਕੀਦਾ ਹੈ ।੨ ।
ਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ ।੩।੧।੧੩੦ ।
Follow us on Twitter Facebook Tumblr Reddit Instagram Youtube