ਆਸਾ ਮਹਲਾ ੫ ॥
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥

ਸੇਵਕ ਕਉ ਨਿਕਟੀ ਹੋਇ ਦਿਖਾਵੈ ॥
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥

ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥
ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥

Sahib Singh
ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ ।
ਆਪੇ = ਆਪ ਹੀ ।
ਜਹ ਜਹ = ਜਿੱਥੇ ਜਿੱਥੇ ।
ਕਾਜ ਕਿਰਤਿ = ਕੰਮ = ਕਾਰ ।
ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ ।੧ ।
ਕਉ = ਨੂੰ ।
ਦਿਖਾਵੈ = ਆਪਣਾ ਆਪ ਵਿਖਾਂਦਾ ਹੈ ।
ਨਿਕਟੀ = ਨਿਕਟ = ਵਰਤੀ, ਅੰਗ-ਸੰਗ ਰਹਿਣ ਵਾਲਾ ।
ਠਾਕੁਰ ਪਹਿ = ਮਾਲਕ = ਪ੍ਰਭੂ ਪਾਸ ।
ਕਹੈ = ਆਖਦਾ ਹੈ ।
ਤਤਕਾਲ = ਤੁਰਤ, ਉਸੇ ਵੇਲੇ ।੧।ਰਹਾਉ ।
ਹਉ = ਮੈਂ ।
ਬਲਿਹਾਰੀ = ਸਦਕੇ ।
ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ ।
ਤਿਸ ਕੀ = {ਲਫ਼ਜ਼ ‘ਤਿਸ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ} ।
ਸੁਣੀ = ਸੁਣਿਆਂ ।
ਪਰਸਣਿ = ਛੁਹਣ ਲਈ ।੨ ।
    
Sahib Singh
ਹੇ ਭਾਈ! ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ) ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ।੧।ਰਹਾਉ ।
ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ ।
ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ(ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ।੧ ।
ਹੇ ਨਾਨਕ! (ਆਖ—) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ।
ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ।੨।੭।੧੨੯ ।
Follow us on Twitter Facebook Tumblr Reddit Instagram Youtube