ਆਸਾ ਮਹਲਾ ੫ ਦੁਪਦੇ ॥
ਲੂਕਿ ਕਮਾਨੋ ਸੋਈ ਤੁਮ੍ਹ ਪੇਖਿਓ ਮੂੜ ਮੁਗਧ ਮੁਕਰਾਨੀ ॥
ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥

ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥
ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥

ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥
ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥

Sahib Singh
ਲੂਕਿ = ਲੁਕ ਕੇ, ਲੋਕਾਂ ਤੋਂ ਛਿਪਾ ਕੇ ।
ਪੇਖਿਓ = ਵੇਖ ਲਿਆ, ਵੇਖ ਲੈਂਦਾ ਹੈਂ ।
ਮੂੜ ਮੁਗਧ = ਮੂਰਖ ਬੰਦੇ ।
ਮੁਕਰਾਨੀ = ਮੁੱਕਰਦੇ ਹਨ ।
ਬਾਂਧੇ = ਬੱਝ ਜਾਂਦੇ ਹਨ ।੧ ।
ਆਗੈ = ਅੱਗੇ ਹੀ, ਪਹਿਲਾਂ ਹੀ ।
ਮੂਸੇ = ਠੱਗੇ ਹੋਏ ।
ਪਾਛੈ = ਲੁਕ ਕੇ ।
ਜੀਅ ਕੀ ਮਾਨੀ = ਮਨ = ਮੰਨੀ (ਕਰਦਾ ਹੈ) ।੧।ਰਹਾਉ ।
ਕੋ ਪਰਾਨੀ = ਕੋਈ ਜੀਵ ।੨ ।
    
Sahib Singh
(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ ।
ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ।੧।ਰਹਾਉ ।
ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ ।
ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ।੧ ।
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ ।
ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ ।
ਹੇ ਨਾਨਕ! ਆਖ—ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ।੨।੬।੧੨੮ ।
Follow us on Twitter Facebook Tumblr Reddit Instagram Youtube