ਆਸਾ ਮਹਲਾ ੫ ॥
ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥

ਅੰਧੇ ਚੇਤਿ ਹਰਿ ਹਰਿ ਰਾਇਆ ॥
ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥

ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥

ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥
ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥

ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥
ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥

Sahib Singh
ਨਿਮਖ = {ਨਿਮੇ—} ਅੱਖ ਝਮਕਣ ਜਿਤਨਾ ਸਮਾ ।
ਕਾਰਣਿ = ਦੀ ਖ਼ਾਤਰ ।
ਕੋਟਿ = ਕ੍ਰੋੜਾਂ ।
ਘਰੀ = ਘੜੀ ।
ਮੁਹਤ = ਮੁਹੂਰਤ, ਦੋ ਘੜੀਆਂ, ਪਲ ਮਾਤ੍ਰ ।
ਮਾਣਹਿ = ਤੂੰ ਮਾਣਦਾ ਹੈਂ ।੧ ।
ਅੰਧੇ = ਹੇ ਕਾਮ ਵਾਸਨਾ ਵਿਚ ਅੰਨ੍ਹੇ ਹੋਏ ਜੀਵ !
ਹਰਿ ਰਾਇਆ = ਪ੍ਰਭੂ ਪਾਤਿਸ਼ਾਹ ।੧।ਰਹਾਉ ।
ਪਲਕ ਦਿ੍ਰਸਟਿ = ਅੱਖ ਝਮਕਣ ਜਿਤਨਾ ਸਮਾ ।
ਆਕ ਨੀਮ ਕੋ ਤੂੰਮਰੁ = ਅੱਕ ਨਿੰਮ ਵਰਗਾ ਕੌੜਾ ਤੁੰਮਾ ।
ਸੰਗੁ = ਸਾਥ ।
ਬਿਸੀਅਰ = ਸੱਪ ।
ਪਰ ਗਿ੍ਰਹੁ = ਪਰਾਇਆ ਘਰ, ਪਰਾਈ ਇਸਤ੍ਰੀ ਦਾ ਸੰਗ ।੨ ।
ਬੈਰੀ = ਵੈਰਨ, ਮਾਇਆ ।
ਬਸਤੁ = (ਅਸਲ) ਚੀਜ਼ ।
ਅਮਾਨਾ = ਅਮਨ ਅਮਾਨ, ਲਾਂਭੇ ਹੀ ।
ਬੈਰਾਨਾ = ਵੈਰ ।੩ ।
ਇਹੈ ਬਿਧਿ = ਇਸੇ ਤ੍ਰਹਾਂ ।
ਬਿਆਪਿਓ = ਫਸਿਆ ਹੋਇਆ ਹੈ ।
ਉਬਰਿਓ = ਬਚਿਆ ।
ਭਵ ਸਾਗਰੁ = ਸੰਸਾਰ = ਸਮੁੰਦਰ ।੪ ।
    
Sahib Singh
ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ ।
ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ।੧।ਰਹਾਉ ।
ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ ।
ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ ।੧ ।
ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ ।
ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ।੨ ।
ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ ।
ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ ।੩ ।
ਹੇ ਨਾਨਕ! ਆਖ—ਸਾਰਾ ਸੰਸਾਰ ਇਸੇ ਤ੍ਰਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ।੪।੫।੧੨੭ ।
Follow us on Twitter Facebook Tumblr Reddit Instagram Youtube