ਆਸਾ ਮਹਲਾ ੫ ॥
ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥

ਸਤਿਗੁਰ ਤੇਰੀ ਆਸਾਇਆ ॥
ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥

ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥
ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥

ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥
ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥

ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥
ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥

Sahib Singh
ਰੇ ਮੂੜੇ = ਹੇ ਮੂਰਖ !
ਢੀਲਾ = ਢਿੱਲਾ, ਆਲਸੀ ।
ਤੋਟਾ = ਘਾਟਾ ।
ਬੇਗਿ = ਛੇਤੀ ।
ਧਾਇਆ = ਦੌੜਦਾ ਹੈਂ ।
ਸਸਤ = ਸਸਤਾ ।
ਵਖਰੁ = ਸੌਦਾ ।
ਘਿੰਨਹਿ ਨਾਹੀ = ਤੂੰ ਨਹੀਂ ਲੈਂਦਾ ।
ਪਾਪੀ = ਹੇ ਪਾਪੀ !
ਰੇਨਾਇਆ = ਰਿਣ ਨਾਲ, ਕਰਜ਼ੇ ਨਾਲ ।੧ ।
ਸਤਿਗੁਰ = ਹੇ ਗੁਰੂ !
ਆਸਾਇਆ = ਆਸ ।
ਪਤਿਤ ਪਾਵਨੁ = ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ।
ਪਾਰਬ੍ਰਹਮ = ਹੇ ਪਾਰਬ੍ਰਹਮ !
ਏਹਾ = ਇਹੀ ।੧।ਰਹਾਉ ।
ਗੰਧਣ = ਗੰਦ = ਭਰੇ, ਗੰਦੇ ।
ਵੈਣ = ਬੋਲ, ਗੀਤ ।
ਸੁਣਹਿ = ਤੂੰ ਸੁਣਦਾ ਹੈਂ ।
ਉਰਝਾਵਹਿ = ਤੂੰ ਮਸਤ ਹੁੰਦਾ ਹੈਂ ।
ਅਲਕਾਇਆ = ਆਲਸ ਕਰਦਾ ਹੈਂ ।
ਨਿੰਦ ਚਿੰਦ = ਨਿੰਦਾ ਦਾ ਖਿ਼ਆਲ ।
ਉਮਾਹਿਓ = ਤੈਨੂੰ ਚਾਉ ਚੜ੍ਹਦਾ ਹੈ ।
ਉਲਟਾਇਆ = ਉਲਟੀ ਹੀ ।੨ ।
ਪਰ ਤਨ = ਪਰਾਇਆ ਸਰੀਰ ।
ਪਰਤੀ = ਪਰਾਈ ।
ਅਖਾਧਿ = ਉਹ ਚੀਜ਼ਾਂ ਜੋ ਖਾਣੀਆਂ ਨਹੀਂ ਚਾਹੀਦੀਆਂ ।
ਹਰਕਾਇਆ = ਹਲਕਾਇਆ, ਹਲਕਾ ।
ਸਚਾ = ਸਦਾ ਨਾਲ ਨਿਭਣ ਵਾਲਾ ।
ਰੁਚਿ = ਪਿਆਰ ।
ਸਤਿ = ਸਦਾ = ਥਿਰ ਨਾਮ ।
ਛੋਹਾਇਆ = {˜ੋਭ} ਛੁਹ ਲੱਗਦੀ ਹੈ, ਗੁੱਸਾ ਆਉਂਦਾ ਹੈ ।੩ ।
ਭਗਤ = ਭਗਤਾਂ ਨੂੰ ।
ਆਹਿ = ਤਾਂਘ ਕਰ ਕੇ, ਚਾਹ ਨਾਲ ।
ਪ੍ਰਭ = ਹੇ ਪ੍ਰਭੂ !
ਅਪਨਾਇਆ = ਆਪਣਾ (ਸੇਵਕ) ਬਣਾ ਕੇ ।
ਲਾਜ = ਇੱਜ਼ਤ ।੪ ।
    
Sahib Singh
ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ ।
ਹੇ ਪਰਮਾਤਮਾ! (ਮੈਂ ਵਿਕਾਰੀ ਤਾਂ ਬਹੁਤ ਹਾਂ,ਪਰ) ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ।੧।ਰਹਾਉ ।
ਹੇ (ਮੇਰੇ) ਮੂਰਖ (ਮਨ)! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ! ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ।੧ ।
ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ ਕਿਸੇ ਦੀ ਨਿੰਦਾ ਦੇ ਖਿ਼ਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ ।
ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ ।੨ ।
ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ ।
ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ।੩ ।
ਹੇ ਨਾਨਕ! (ਆਖ—) ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ ।
ਹੇ ਪ੍ਰਭੂ! ਮੈਂ ਚਾਹ ਕਰ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣਾ ਦਾਸ ਬਣਾ ਕੇ ਮੇਰੀ ਲਾਜ ਰੱਖ (ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ) ।੪।੩।੧੨੫ ।
Follow us on Twitter Facebook Tumblr Reddit Instagram Youtube