ਆਸਾ ਮਹਲਾ ੫ ॥
ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥
ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥

ਜਉ ਕਿਰਪਾ ਗੋਬਿੰਦ ਭਈ ॥
ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥

ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥
ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥

ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥
ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥

ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥
ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥

Sahib Singh
ਅਪੁਸਟ = ਪੁੱਠੀ ।
ਬਾਤ ਤੇ = ਗੱਲ ਤੋਂ ।
ਸੀਧਰੀ = ਚੰਗੀ ਸਿੱਧੀ ।
ਦੂਤ = ਵੈਰੀ ।
ਪ੍ਰਗਾਸਿਓ = ਚਮਕ ਪਿਆ ਹੈ ।
ਮਲੀਨ = ਮੈਲੀ ।
ਹਛਨਈ = ਸਾਫ਼ = ਸੁਥਰੀ ।੧ ।
ਜਉ = ਜਦੋਂ ।
ਸੁਖ ਸੰਪਤਿ = ਆਤਮਕ ਆਨੰਦ ਦੀ ਦੌਲਤ ।੧।ਰਹਾਉ ।
ਮੋਹਿ = ਮੈਨੂੰ ।
ਕਿਰਪਨ = ਸ਼ੂਮ, ਨਕਾਰਾ ।
ਸੰਗਿ = ਨਾਲ, ਕੋਲ ।
ਸੇਵਈ = ਸੇਵਾ ਕਰਦੀ ਹੈ ।੨ ।
ਆਢ = ਅੱਧੀ ਦਮੜੀ ।
ਕਉ = ਵਾਸਤੇ ।
ਮਨ ਤਿ੍ਰਸਨ = ਮਨ ਦੀ ਤ੍ਰਿਸ਼ਨਾ ।
ਖਵਤੋ = ਸਹਾਰਦਾ ।
ਸੀਤਲਈ = ਠੰਢੇ ਸੁਭਾ ਵਾਲਾ ।੩ ।
ਜੀਹ = ਜੀਭ ।
ਕਵਨ = ਕੇਹੜੇ ਕੇਹੜੇ ?
ਅਗਮ = ਅਪਹੁੰਚ ।
ਕਰੀਅਹੁ = ਬਣਾ ਲੈ ।੪ ।
    
Sahib Singh
ਹੇ ਭਾਈ! ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ, ਮੈਂ ਸਤਿਗੁਰੂ ਨੂੰ ਮਿਲ ਪਿਆ (ਤੇ ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਫਲ (ਵਜੋਂ) ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ।੧।ਰਹਾਉ ।
(ਹੇ ਭਾਈ! ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ, (ਮੇਰੇ ਮਨ ਦੇ) ਘੁੱਪ ਹਨੇਰੇ ਵਿਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ।੧ ।
(ਹੇ ਭਾਈ! ਗੁਰੂ ਦੇ ਮਿਲਾਪ ਤੋਂ ਪਹਿਲਾਂ) ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ ।
(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂਦੀ ਸੇਵਾ ਕਰਨ ਲੱਗ ਪਈ ।੨ ।
(ਹੇ ਭਾਈ! ਗੁਰ-ਮਿਲਾਪ ਤੋਂ ਪਹਿਲਾਂ ਤ੍ਰਿਸ਼ਨਾ-ਅਧੀਨ ਹੋ ਕੇ) ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ ।
ਪਹਿਲਾਂ ਮੈਂ (ਕਿਸੇ ਦਾ) ਇੱਕ ਭੀ (ਖਰ੍ਹਵਾ) ਬੋਲ ਸਹਾਰ ਨਹੀਂ ਸਾਂ ਸਕਦਾ, ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ।੩ ।
(ਹੇ ਭਾਈ! ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ ?
ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ) ।
ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ—) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ ।੪।੨।੧੨੪ ।
Follow us on Twitter Facebook Tumblr Reddit Instagram Youtube