ਆਸਾ ਘਰੁ ੯ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥
ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥

ਹਉ ਮਾਗਉ ਆਨ ਲਜਾਵਉ ॥
ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥

ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥
ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਹ ਕਉ ਮਹਲੁ ਦੁਲਭਾਵਉ ॥੨॥

ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥
ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥

ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥
ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥

Sahib Singh
ਚਿਤਵਉ = ਮੈਂ ਚਾਹੁੰਦਾ ਹਾਂ, ਚਿਤਵਉਂ ।
ਚਿਤਵਿ = ਸਿਮਰ ਕੇ ।
ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ ।
ਆਗੈ = ਪ੍ਰਭੂ ਦੀ ਹਜ਼ੂਰੀ ਵਿਚ ।
ਭਾਵਉ = ਮੈਂ ਪਸੰਦ ਹਾਂ, ਭਾਵਉਂ ।
ਸਗਲ = ਸਾਰੀ ਸਿ੍ਰਸ਼ਟੀ ।
ਜਾਚਿਕ = ਮੰਗਣ ਵਾਲੀ ।
ਕੈ ਪਹਿ = ਕਿਸ ਦੇ ਪਾਸ ?
    ।੧ ।
ਹਉ = ਮੈਂ ।
ਮਾਗਉ = ਮਾਗਉਂ, ਮੈਂ ਮੰਗਦਾ ਹਾਂ ।
ਆਨ = {ਅਂਯ} ਕੋਈ ਹੋਰ ।
ਲਜਾਵਉ = ਲਜਾਵਉਂ, ਮੈਂ ਸ਼ਰਮਾਂਦਾ ਹਾਂ ।
ਛਤ੍ਰਪਤਿ = ਰਾਜਾ ।
ਠਾਕੁਰੁ = ਮਾਲਕ = ਪ੍ਰਭੂ ।
ਸਮਸਰਿ = ਬਰਾਬਰ ।
ਲਾਵਉ = ਲਾਵਉਂ, ਮੈਂਗਿਣਾਂ, ਮੈਂ ਮਿਥਾਂ ।੧।ਰਹਾਉ ।
ਬੈਸਉ = ਬੈਸਉਂ, ਮੈਂ ਬਹਿ ਜਾਂਦਾ ਹਾਂ ।
ਖੋਜਿ = ਖੋਜ ਕੇ ।
    ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ—ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ ।
ਮਹਲੁ = ਪਰਮਾਤਮਾ ਦਾ ਟਿਕਾਣਾ ।
ਦੁਲਭਾਵਉ = ਦੁਲੱਭ, ਦੁਰਲੱਭ ।੨ ।
ਅਗਮ = ਅਪਹੁੰਚ ।
ਅਗਾਧਿ = ਅਥਾਹ ।
ਬੋਧ = ਸੂਝ ।
ਪਰੈ ਨ = ਨਹੀਂ ਪੈ ਸਕਦੀ ।
ਨ ਪਾਵਉ = ਮੈਂ ਪਾ ਨਹੀਂ ਸਕਦਾ ।
ਤਾਕੀ = ਤੱਕੀ ।
ਧਿਆਵਉ = ਮੈਂ ਧਿਆਨ ਧਰਦਾ ਹਾਂ ।੩ ।
ਗਰਾਵਉ = ਗਲੇ ਤੋਂ ।
ਜਉ = ਜਦੋਂ ।
ਨ ਆਵਉ = ਆਵਉਂ, ਮੈਂ ਨਹੀਂ ਆਉਂਦਾ ।੪ ।
    
Sahib Singh
(ਹੇ ਭਾਈ! ਜਦੋਂ) ਮੈਂ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ (ਕਿਉਂਕਿ) ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖਿ਼ਆਲ ਨਹੀਂ ਕਰ ਸਕਦਾ ।੧।ਰਹਾਉ ।
(ਹੇ ਭਾਈ!) ਮੈਂ (ਸਦਾ) ਚਾਹੁੰਦਾ (ਤਾਂ ਇਹ) ਹਾਂ ਕਿ ਪਰਮਾਤਮਾ ਦਾ ਸਿਮਰਨ ਕਰ ਕੇ (ਉਸ ਪਾਸੋਂ) ਮੈਂ ਸਾਰੇ ਸੁਖ ਹਾਸਲ ਕਰਾਂ (ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਘ ਕਰ ਕੇ) ਮੈਂ ਪ੍ਰਭੂ ਦੀ ਹਜ਼ੂਰੀ ਵਿਚ ਚੰਗਾ ਲੱਗ ਰਿਹਾ ਜਾਂ ਨਹੀਂ ।
(ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸਿ੍ਰਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ ।
(ਹੇ ਭਾਈ! ਪਰਮਾਤਮਾ ਦਾ ਦਰਸ਼ਨ ਕਰਨ ਲਈ) ਮੈਂ ਉੱਠਦਾ ਹਾਂ (ਹੰਭਲਾ ਮਾਰਦਾ ਹਾਂ, ਫਿਰ) ਬਹਿ ਜਾਂਦਾ ਹਾਂ, (ਪਰ ਦਰਸ਼ਨ ਕਰਨ ਤੋਂ ਬਿਨਾ) ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ ।
(ਮੈਂ ਕਿਸ ਦਾ ਵਿਚਾਰਾ ਹਾਂ?) ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਭੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ (ਵੱਡੇ ਵੱਡੇ ਦੇਵਤਾ ਮੰਨੇ ਗਏ) ਜੋ ਸਨਕ ਵਰਗੇ—ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ ਅਖਵਾਏ) ।੨ ।
ਹੇ ਭਾਈ! ਪਰਮਾਤਮਾ ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਉਹ ਇਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ, ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ ।
(ਹੇ ਭਾਈ! ਉਸ ਦੇ ਦਰਸ਼ਨ ਦੀ ਖ਼ਾਤਰ) ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ ।੩ ।
ਹੇ ਭਾਈ! ਜਿਸ ਮਨੁੱਖ ਉਤੇ ਠਾਕੁਰ-ਪ੍ਰਭੂ ਦਇਆਵਾਨ ਹੁੰਦਾ ਹੈ ਉਸ ਦੇ ਗਲੋਂ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ ।
ਹੇ ਨਾਨਕ! ਆਖ—ਜੇ ਮੈਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ (ਜਨਮਾਂ ਦੇ ਗੇੜ ਤੋਂ ਬਚ ਸਕਾਂਗਾ) ।੪।੧।੧੨੧ ।

ਨੋਟ: ਇਹ ਸ਼ਬਦ ਤੋਂ ਘਰੁ ੯ ਦਾ ਨਵਾਂ ਸੰਗ੍ਰਹ ਸ਼ੁਰੂ ਹੋਇਆ ਹੈ ।
ਤਾਹੀਏਂ ਛੋਟਾ ਅੰਕ ੧ ਨਵਾਂ ਚੱਲਿਆ ਹੈ ।
Follow us on Twitter Facebook Tumblr Reddit Instagram Youtube