ਆਸਾ ਮਹਲਾ ੫ ॥
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥

ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥

ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥

ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥

Sahib Singh
ਸੰਤਾ ਕੀ = ਸਤਸੰਗੀਆਂ ਦੀ ।
ਹੋਇ = ਬਣ ਜਾ ।
ਦਾਸਰੀ = ਨਿਮਾਣੀ ਜਿਹੀ ਦਾਸੀ ।
ਆਚਾਰਾ = ਕਰਤੱਬ ।
ਰੀ = ਹੇ (ਜਿੰਦੇ) !
ਊਤਮੋ = ਊਤਮੁ, ਸ੍ਰੇਸ਼ਟ ।
ਭਰਤਾ = ਖਸਮ = ਪ੍ਰਭੂ ।
ਨ ਪਿਖੁ = ਨਾਹ ਵੇਖ, ਨਾਹ ਸਮਝ ।੧ ।
ਸੁੰਦਰਿ = ਹੇ ਸੁੰਦਰੀ !
    ਹੇ ਸੋਹਣੀ ਜਿੰਦੇ !
ਨਾਮਿ = ਨਾਮ ਵਿਚ ।
ਮਜੀਠੈ = ਮਜੀਠ ਨਾਲ, ਮਜੀਠ ਵਰਗੇ ਪੱਕੇ ਰੰਗ ਨਾਲ ।
ਚਾਤੁਰੀ = ਚਤੁਰਾਈ ।
ਗੁਪਾਲਹਿ = ਗੁਪਾਲ ਨੂੰ ।
ਸੰਗਿ = ਆਪਣੇ ਨਾਲ ਵੱਸਦਾ ।੧।ਰਹਾਉ ।
ਮਾਨੀਐ = ਮੰਨਣਾ ਚਾਹੀਦਾ ਹੈ ।
ਸੀਗਾਰੁ = ਸਿੰਗਾਰੁ ।
ਦੂਜਾ ਭਾਉ = ਪ੍ਰਭੂ = ਪਤੀ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ ।
ਤੰਬੋਲਾ = ਪਾਨ ਦਾ ਬੀੜਾ ।੨ ।
ਕਰਿ = ਬਣਾ ।
ਦੀਪਕੋ = ਦੀਪਕੁ, ਦੀਵਾ ।
ਸਤ = ਉੱਚਾ ਆਚਰਨ ।
ਕਰ = (ਦੋਵੇਂ) ਹੱਥ ।
ਜੋੜਿ = ਜੋੜ ਕੇ ।
ਤਉ = ਤਦੋਂ ਹੀ ।
ਭੇਟੈ = ਮਿਲਦਾ ਹੈ ।
ਹਰਿ ਰਾਇ = ਪ੍ਰਭੂ = ਪਾਤਿਸ਼ਾਹ ।੩ ।
ਤਿਸ ਹੀ = ਉਸੇ ਦਾ ਹੀ {ਲਫ਼ਜ਼ ‘ਤਿਸੁ’ ਦਾ ੁ ਕਿ੍ਰਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ} ।
ਚਜੁ = ਸੁਚੱਜ ।
ਸਭੁ = ਸਾਰਾ ।
ਸਾਈ = ਉਹ (ਜੀਵ = ਇਸਤ੍ਰੀ) ਹੀ ।
ਰੂਪਿ = ਸੋਹਣੇ ਰੂਪ ਵਾਲੀ ।
ਅਪਾਰਿ = ਅਪਾਰ = ਪ੍ਰਭੂ ਵਿਚ ।
ਸੁੋਹਾਗਣਿ = {ਅੱਖਰ ‘ਸ’ ਦੇ ਨਾਲ ਦੋ ਲਗਾਂ ਹਨ:- ੋ ਅਤੇ ੁ ।
    ਅਸਲ ਲਫ਼ਜ਼ ‘ਸੋਹਾਗਣਿ’ ਹੈ; ਇਥੇ ‘ਸੁਹਾਗਣਿ’ ਪੜ੍ਹਨਾ ਹੈ} ।
ਭਾਣੀ = ਪਸੰਦ ਆਈ ਹੈ ।
ਕਰਤਾਰਿ = ਕਰਤਾਰ ਵਿਚ (ਲੀਨ) ।੪ ।
    
Sahib Singh
ਹੇ (ਮੇਰੀ) ਸੋਹਣੀ ਜਿੰਦੇ! ਤੂੰ ਆਪਣੇ ਇਸ ਮਨ ਨੂੰ ਮਜੀਠ (ਵਰਗੇ ਪੱਕੇ) ਪਰਮਾਤਮਾ ਦੇ ਨਾਮ-ਰੰਗ ਨਾਲ ਰੰਗ ਲੈ, ਆਪਣੇ ਅੰਦਰੋਂ ਸਿਆਣਪ ਤੇ ਚਤੁਰਾਈ ਛੱਡ ਕੇ (ਇਹ ਮਾਣ ਛੱਡ ਦੇ ਕਿ ਤੂੰ ਬੜੀ ਸਿਆਣੀ ਹੈਂ ਤੇ ਚਤੁਰ ਹੈਂ), ਹੇ ਜਿੰਦੇ! ਸਿ੍ਰਸ਼ਟੀ ਦੇ ਪਾਲਕ-ਪ੍ਰਭੂ ਨੂੰ ਆਪਣੇ-ਨਾਲ-ਵੱਸਦਾ ਸਮਝਦੀ ਰਹੁ ।੧।ਰਹਾਉ ।
ਹੇ ਮੇਰੀ ਸੋਹਣੀ ਜਿੰਦੇ! ਤੂੰ ਸਤਸੰਗੀਆਂ ਦੀ ਨਿਮਾਣੀ ਜਿਹੀ ਦਾਸੀ ਬਣੀ ਰਹੁ—ਬੱਸ! ਇਹ ਕਰਤੱਬ ਸਿੱਖ, ਤੇ, ਹੇ ਜਿੰਦੇ! ਉਸ ਖਸਮ-ਪ੍ਰਭੂ ਨੂੰ ਕਿਤੇ ਦੂਰ ਵੱਸਦਾ ਨਾਹ ਖਿ਼ਆਲ ਕਰ ਜੇਹੜਾ ਸਾਰੇ ਗੁਣਾਂ ਦਾ ਮਾਲਕ ਹੈ ਜੋਗੁਣਾਂ ਕਰਕੇ ਸਭ ਤੋਂ ਸ੍ਰੇਸ਼ਟ ਹੈ ।੧ ।
ਹੇ ਮੇਰੀ ਸੋਹਣੀ ਜਿੰਦੇ! ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ—ਬੱਸ! ਇਸ ਗੱਲ ਨੂੰ (ਆਪਣੇ ਜੀਵਨ ਦਾ) ਸਿੰਗਾਰ ਬਣਾਈ ਰੱਖ ।
ਪਰਮਾਤਮਾ ਤੋਂ ਬਿਨਾ ਹੋਰ (ਮਾਇਆ ਆਦਿਕ ਦਾ) ਪਿਆਰ ਭੁਲਾ ਦੇਣਾ ਚਾਹੀਦਾ ਹੈ—(ਇਹ ਨਿਯਮ ਆਤਮਕ ਜੀਵਨ ਵਾਸਤੇ, ਮਾਨੋ, ਪਾਨ ਦਾ ਬੀੜਾ ਹੈ) ਹੇ ਜਿੰਦੇ! ਇਹ ਪਾਨ ਖਾਇਆ ਕਰ ।੨ ।
ਹੇ ਮੇਰੀ ਸੋਹਣੀ ਜਿੰਦੇ! ਸਤਿਗੁਰੂ ਦੇ ਸ਼ਬਦ ਨੂੰ ਦੀਵਾ ਬਣਾ (ਜੋ ਤੇਰੇ ਅੰਦਰ ਆਤਮਕ ਜੀਵਨ ਦਾ ਚਾਨਣ ਪੈਦਾ ਕਰੇ) ਤੇ ਉਸ ਆਤਮਕ ਜੀਵਨ ਦੀ (ਆਪਣੇ ਹਿਰਦੇ ਵਿਚ) ਸੇਜ ਵਿਛਾ ।
ਹੇ ਸੋਹਣੀ ਜਿੰਦੇ! (ਆਪਣੇ ਅੰਦਰ ਆਤਮੇ) ਅੱਠੇ ਪਹਰ (ਦੋਵੇਂ) ਹੱਥ ਜੋੜ ਕੇ (ਪ੍ਰਭੂ-ਚਰਨਾਂ ਵਿਚ) ਟਿਕੀ ਰਹੁ, ਤਦੋਂ ਹੀ ਪ੍ਰਭੂ-ਪਾਤਿਸ਼ਾਹ (ਆ ਕੇ) ਮਿਲਦਾ ਹੈ ।੩ ।
ਹੇ ਨਾਨਕ! (ਆਖ—) ਹੇ ਮੇਰੀ ਸੋਹਣੀ ਜਿੰਦੇ! ਉਸੇ ਜੀਵ-ਇਸਤ੍ਰੀ ਦਾ ਸੁਚੱਜ ਮੰਨਿਆ ਜਾਂਦਾ ਹੈ ਉਸੇ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਪਰਵਾਨ ਹੁੰਦਾ ਹੈ, ਉਹ ਜੀਵ-ਇਸਤ੍ਰੀ ਸੁੰਦਰ ਰੂਪ ਵਾਲੀ ਸਮਝੀ ਜਾਂਦੀ ਹੈ ਜੋ ਬੇਅੰਤ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦੀ ਹੈ ।
ਹੇ ਜਿੰਦੇ! ਉਹੀ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜੋ (ਕਰਤਾਰ ਨੂੰ) ਪਿਆਰੀ ਲੱਗਦੀ ਹੈ ਜੋ ਕਰਤਾਰ (ਦੀ ਯਾਦ) ਵਿਚ ਲੀਨ ਰਹਿੰਦੀ ਹੈ ।੪।੧੬।੧੧੮ ।
Follow us on Twitter Facebook Tumblr Reddit Instagram Youtube