ਆਸਾ ਮਹਲਾ ੫ ॥
ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥
ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥

ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥
ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥

ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥
ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥

ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥
ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥

ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥

Sahib Singh
ਜਾ ਕਾ = ਜਿਸ ਮਨੁੱਖ ਦਾ ।
ਠਾਕੁਰੁ = ਮਾਲਕ ।
ਪ੍ਰਭ = ਹੇ ਪ੍ਰਭੂ !
ਸੁਹੇਲਾ = ਸੌਖਾ ।
ਸਦ = ਸਦਾ ।
ਭ੍ਰਮੁ = ਭਟਕਣਾ ।੧ ।
ਚਾਕਰ = ਸੇਵਕ, ਨੌਕਰ ।
ਭਾਰਾ = ਵੱਡੇ ਜਿਗਰੇ ਵਾਲਾ ।
ਸਗਲ ਬਿਧਿ = ਸਾਰੇ ਤਰੀਕਿਆਂ ਨਾਲ ।੧।ਰਹਾਉ ।
ਕੋ = ਕੋਈ ।
ਅਉਰੁ = ਹੋਰ ।
ਤਾ ਕਾ = ਉਸ ਦਾ ।
ਮਹਲੁ = ਪ੍ਰਭੂ ਦਾ ਟਿਕਾਣਾ ।
ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਅੌਖਾ ਹੈ ।
ਤਰੀਐ = ਤਰਿਆ ਜਾ ਸਕਦਾ ਹੈ ।੨ ।
ਦਿ੍ਰਸਟਿ = ਨਜ਼ਰ, ਨਿਗਾਹ ।
ਨਿਧਾਨਾ = ਖ਼ਜ਼ਾਨਾ ।
ਜਾ ਕਉ = ਜਿਨ੍ਹਾਂ ਉਤੇ ।
ਪਰਵਾਨਾ = ਕਬੂਲ ।੩ ।
ਕੀਰਤਨੋ = ਕੀਰਤਨੁ, ਸਿਫ਼ਤਿ-ਸਾਲਾਹ ।
ਅੰਮਿ੍ਰਤ ਰਸੁ = ਆਤਮਕ ਜੀਵਨ ਦੇਣ ਵਾਲਾ ਜਲ ।
ਵਜਹੁ = ਵਜ਼ੀਫ਼ਾ, ਤਨਖ਼ਾਹ ।੪ ।
    
Sahib Singh
(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ।੧।ਰਹਾਉ ।
ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ, ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ।੧ ।
(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ ।
(ਹੇ ਭਾਈ!) ਗੁਰੂ ਦੀ ਦੱਸੀ ਸੇਵਾ ਕੀਤਿਆਂ (ਪਰਮਾਤਮਾ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਤੇ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਜਾਈਦਾ ਹੈ ਜਿਸ ਤੋਂ (ਉਂਞ) ਪਾਰ ਲੰਘਣਾ ਬਹੁਤ ਹੀ ਅੌਖਾ ਹੈ ।੨ ।
ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਨਾਲ ਸੁਖ ਮਿਲਦਾ ਹੈ (ਜਿਨ੍ਹਾਂ ਉਤੇ ਤੇਰੀ ਮੇਹਰ ਹੋਵੇ ਉਹਨਾਂ ਦੇ) ਮਨ ਵਿਚ (ਤੇਰਾ ਨਾਮ-) ਖ਼ਜ਼ਾਨਾ ਆ ਵੱਸਦਾ ਹੈ ।
ਹੇ ਪ੍ਰਭੂ! ਜਿਨ੍ਹਾਂ ਉਤੇ ਤੂੰ ਦਇਆਵਾਨ ਹੁੰਦਾ ਹੈਂ ਉਹ ਤੇਰੇ ਸੇਵਕ ਤੇਰੇ ਦਰ ਤੇ ਕਬੂਲ ਹੁੰਦੇ ਹਨ ।੩ ।
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਜੀਵਨ ਦੇਣ ਵਾਲਾ ਰਸ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਇਹ (ਅੰਮਿ੍ਰਤ ਰਸ) ਪੀਂਦਾ ਹੈ ।
ਹੇ ਨਾਨਕ! (ਆਖ—ਜਿਸ ਨੌਕਰ ਨੂੰ) ਪਰਮਾਤਮਾ ਦਾ ਨਾਮ-ਵਜ਼ੀਫ਼ਾ ਮਿਲ ਜਾਂਦਾ ਹੈ ਉਹ ਆਪਣੇ ਹਿਰਦੇ ਵਿਚ ਇਹ ਨਾਮ ਸਦਾ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।੪।੧੪।੧੧੬ ।
Follow us on Twitter Facebook Tumblr Reddit Instagram Youtube