ਆਸਾ ਮਹਲਾ ੫ ॥
ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥
ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥

ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥
ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥

ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥
ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥

ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥
ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥

ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥
ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥

Sahib Singh
ਕਰਾਇਆ = (ਜਿਵੇਂ ਗੁਰੂ ਨੇ ਉੱਦਮ) ਕਰਨ ਲਈ ਪ੍ਰੇਰਨਾ ਕੀਤੀ ਹੈ ।
ਆਰੰਭੁ = (ਨਾਮ ਜਪਣਦੇ ਉੱਦਮ ਦਾ) ਮੁੱਢ ।
ਜਪੇ ਜਪਿ = ਜਪਿ ਜਪਿ, ਜਪ ਜਪ ਕੇ ।
ਜੀਵਣਾ = ਆਤਮਕ ਜੀਵਨ ਮਿਲ ਗਿਆ ਹੈ ।
ਗੁਰਿ = ਗੁਰੂ ਨੇ ।
ਦਿ੍ਰੜਾਇਆ = ਪੱਕਾ ਕਰ ਦਿੱਤਾ ਹੈ ।੧ ।
ਪਾਇ = ਪੈਰੀਂ ।
ਪਰਹ = ਆਓ, ਪਈਏ ।
ਕੈ ਪਾਇ = ਦੇ ਪੈਰਾਂ ਉਤੇ ।
ਜਿਨਿ = ਜਿਸ (ਗੁਰੂ) ਨੇ ।
ਬਿਦਾਰਿਆ = ਨਾਸ ਕਰ ਦਿੱਤਾ ਹੈ ।
ਕਰਿ = ਕਰ ਕੇ ।
ਪ੍ਰਭਿ = ਪ੍ਰਭੂ ਨੇ ।
ਸਚੁ ਸਾਜਿ = ਸਦਾ = ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ।
ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ ।੧।ਰਹਾਉ ।
ਕਰੁ = ਹੱਥ {ਇਕ = ਵਚਨ} ।
ਗਹਿ = ਫੜ ਕੇ ।
ਸਚੁ = ਸਦਾ = ਥਿਰ ਰਹਿਣ ਵਾਲਾ ।
ਹੁਕਮਿ = ਹੁਕਮ ਅਨੁਸਾਰ ।
ਰਜਾਈ = ਰਜ਼ਾ ਦਾ ਮਾਲਕ ।
ਪ੍ਰਭਿ = ਪ੍ਰਭੂ ਨੇ ।੨ ।
ਗਾਈਅਹਿ = ਗਾਏ ਜਾ ਰਹੇ ਹਨ ।
ਮੁਰਾਰੀ = {ਮੁਰਾ = ਅਰਿ—ਮੁਰਦੈਂਤ ਦਾ ਵੈਰੀ} ਪਰਮਾਤਮਾ ।
ਨੇਮ = ਰੋਜ਼ ਦੀ ਮਰਯਾਦਾ ।
ਜਪਿ = ਜਪੀਂ, ਮੈਂ ਜਪਦਾ ਹਾਂ ।੪ ।
ਗਾਉ = ਮੈਂ ਗਾਂਦਾ ਹਾਂ ।
ਗੁਰਿ = ਗੁਰੂ ਨੇ ।
ਵਣਜਾਰੇ = ਵਣਜ ਕਰਨ ਵਾਲੇ ।
ਅਮਿਤਾ = ਬੇਅੰਤ, ਜਿਸ ਦੀ ਮਿਤ ਨਾਹ ਪਾਈ ਜਾ ਸਕੇ, ਜਿਸ ਦੀ ਹਸਤੀ ਦਾ ਮਾਪ ਨਾਹ ਕੀਤਾ ਜਾ ਸਕੇ ।੪ ।
    
Sahib Singh
(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ ।
(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ।੧।ਰਹਾਉ ।
(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ ।
ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ।੧ ।
(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ ।
(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ।੨ ।
(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ ।
ਪ੍ਰਭੂ ਨੇ ਮੇਹਰ ਕੀਤੀ ਹੈ ।
ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ।੩ ।
(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ ।
ਹੇ ਨਾਨਕ! (ਆਖ—ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ।੪।੧੩।੧੧੫ ।
Follow us on Twitter Facebook Tumblr Reddit Instagram Youtube