ਆਸਾ ਮਹਲਾ ੫ ॥
ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥
ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥

ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥
ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥

ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥
ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥

ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥
ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥

Sahib Singh
ਮੀਤ = ਹੇ ਮਿੱਤਰ !
ਇਕਤ੍ਰ ਹੋਇ = ਇਕੱਠੇ ਹੋ ਕੇ, ਮਿਲ ਕੇ ।
ਰਸ ਕਸ = ਹਰੇਕ ਕਿਸਮ ਦੇ ਸੁਆਦਲੇ ਪਦਾਰਥ ।
ਸਭਿ = ਸਾਰੇ ।
ਭੁੰਚਹ = ਅਸੀ ਖਾਈਏ (ਸੁਆਦ ਨਾਲ) ।
ਜਪਹ = ਅਸੀ ਜਪੀਏ ।
ਮਿਲਿ = ਮਿਲ ਕੇ ।
ਮੁੰਚਹ = ਦੂਰ ਕਰ ਲਈਏ ।੧ ।
ਤਤੁ = ਅਸਲੀਅਤ, ਮਨੁੱਖਾ ਜਨਮ ਦਾ ਅਸਲ ਮਨੋਰਥ ।
ਤਾ ਤੇ = ਇਸ (ਉੱਦਮ) ਤੋਂ ।
ਖੀਨ = ਕਮਜ਼ੋਰ ।
ਤਸਕਰਾ = ਚੋਰ ।
ਜਾਗੈ = ਸੁਚੇਤ ਰਹਿੰਦਾ ਹੈ ।੧।ਰਹਾਉ ।
ਗਰੀਬੀ = ਨਿਮ੍ਰਤਾ ।
ਲੈਹੁ = ਪੱਲੇ ਬੰਨ੍ਹੋ ।
ਬਿਖੁ = ਜ਼ਹਰ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ।
ਜਾਰਹੁ = ਸਾੜ ਦਿਉ ।
ਸਾਚਾ = ਸਦਾ ਕਾਇਮ ਰਹਿਣ ਵਾਲਾ ।
ਹਟੁ = ਵੱਡੀ ਦੁਕਾਨ ।
ਵਾਪਾਰਹੁ = ਖ਼ਰੀਦੋ ।੨।ਜੀਉ—ਜਿੰਦ ।
ਪਿੰਡੁ = ਸਰੀਰ ।
ਅਰਪਿਆ = ਭੇਟਾ ਕਰ ਦਿੱਤਾ ।
ਪਤਿ = ਇੱਜ਼ਤ ।
ਪ੍ਰਭੂ ਭਾਣਿਆ = ਪ੍ਰਭੂ ਨੂੰ ਚੰਗੇ ਲੱਗਦੇ ਹਨ ।
ਕੇਲ = ਆਨੰਦ ।੩ ।
ਦੁਰਮਤਿ = ਖੋਟੀ ਅਕਲ ।
ਮਦੁ = ਸ਼ਰਾਬ ।
ਬਿਖਲੀ = {ਵã—ਲੀ} ਸ਼ੂਦਰਾਣੀ, ਵਿਭਚਾਰਨ ।
ਬਿਖਲੀ ਪਤਿ = ਦੁਰਾਚਾਰੀ ਮਨੁੱਖ ।
ਰਸਾਇਣਿ = ਰਸਾਇਣ ਵਿਚ ।
ਰਸਾਇਣ = {ਰਸ = ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ ।
ਰਤੇ = ਮਸਤ ।
ਸਚ = ਸਦਾ ਥਿਰ = ਰਹਿਣ ਵਾਲਾ ਪਰਮਾਤਮਾ ।
ਅਮਲੀ = ਜਿਸ ਨੂੰ ਅਮਲ ਲੱਗਾ ਹੋਇਆ ਹੋਵੇ, ਜੋ ਅਮਲ ਤੋਂ ਬਿਨਾ ਰਹਿ ਨਾ ਸਕੇ ।
ਅਮਲ = ਨਸ਼ਾ ।੪ ।
    
Sahib Singh
ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ।੧।ਰਹਾਉ ।
ਹੇ ਮਿੱਤਰੋ! ਆਓ, ਰਲ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ—ਇਹੀ ਹਨ, ਮਾਨੋ, ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ ।੧ ।
ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ—ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ ।
(ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ) ।
(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ।੨ ।
(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ, ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ।੩ ।
(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ ।
ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ।੪।੧੨।੧੧੪ ।
Follow us on Twitter Facebook Tumblr Reddit Instagram Youtube