ਆਸਾ ਮਹਲਾ ੫ ॥
ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥
ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥

ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥
ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥

ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥
ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥

ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥
ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥

ਸੂਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥
ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥

Sahib Singh
ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ ।
ਰੈਣਿ = ਰਾਤ ।
ਕਰ ਜੋੜਿ = (ਦੋਵੇਂ) ਹੱਥ ਜੋੜ ਕੇ ।੧ ।
ਜਿਸ ਕਾ = {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ} ।
ਸਭੁ ਕੋਇ = ਹਰੇਕ ਜੀਵ ।
ਸਚਾ = ਸਦਾ ਕਾਇਮ ਰਹਿਣ ਵਾਲਾ ।੧।ਰਹਾਉ ।
ਸੰਗਿ = ਨਾਲ ।
ਸਹਾਈ = ਸਹਾਇਤਾ ਕਰਨ ਵਾਲਾ ।
ਗਿਆਨ ਜੋਗੁ = ਜਾਣਨਯੋਗ ।
ਆਰਾਧਿ = ਸਿਮਰ ।
ਮਨਾ = ਹੇ ਮਨ !
ਸਗਲ = ਸਾਰਾ ।੨ ।
ਰਾਖਨਹਾਰੁ = ਰੱਖਿਆ ਕਰਨ ਦੀ ਸਮਰਥਾ ਵਾਲਾ ।
ਮਾਹਿ = ਵਿਚ ।
ਸੀਤਲੁ = ਠੰਢ ਦੇਣ ਵਾਲਾ ।੩।ਘਣਾ—ਬਹੁਤ ।
ਜਨ ਧੂਰਾ = ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ।
ਸਿਧਿ = ਸਫਲਤਾ ।੪ ।
    
Sahib Singh
(ਹੇ ਭਾਈ!) ਨਾਨਕ ਦਾ ਖਸਮ-ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ ।
ਉਹ ਪ੍ਰਭੂ ਸਭਨਾਂ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਿਰਫ਼ ਉਹੀ ਸਦਾ ਕਾਇਮ ਰਹਿਣ ਵਾਲਾ ਹੈ ।੧।ਰਹਾਉ ।
(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ ਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ ।੧ ।
ਹੇ ਮੇਰੇ ਮਨ! ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ ਜੋ ਸਭਨਾਂ ਦੇ ਅੰਦਰ ਵੱਸ ਰਿਹਾ ਹੈ, ਜੋ ਸਾਰੇ ਸੰਸਾਰ ਵਿਚ ਵੱਸ ਰਿਹਾ ਹੈ, ਜੋ ਸਭਨਾਂ ਦੇ ਨਾਲ ਰਹਿੰਦਾ ਹੈ, ਜੋ ਸਭਨਾਂ ਦੀ ਸਹਾਇਤਾ ਕਰਦਾ ਹੈ, ਜਿਸ ਨਾਲ ਡੂੰਘੀ ਜਾਣ-ਪਛਾਣ ਪਾਉਣੀ ਬਹੁਤ ਜ਼ਰੂਰੀ ਹੈ (ਹੇ ਮਨ! ਉਸ ਦਾ ਸਿਮਰਨ ਕੀਤਿਆਂ) ਹਰੇਕ ਰੋਗ ਦਾ ਨਾਸ ਹੋ ਜਾਂਦਾ ਹੈ ।੨ ।
ਹੇ ਭਾਈ! ਸਭਨਾਂ ਦੀ ਰੱਖਿਆ ਕਰਨ ਦੀ ਸਮਰਥਾ ਵਾਲਾ ਬੇਅੰਤ ਪਰਮਾਤਮਾ (ਮਾਂ ਦੇ ਪੇਟ ਦੀ) ਅੱਗ ਵਿਚ (ਹਰੇਕ ਜੀਵ ਦੀ) ਰੱਖਿਆ ਕਰਦਾ ਹੈ, ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ।੩ ।
ਹੇ ਨਾਨਕ! (ਆਖ—) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ।੪।੧੦।੧੧੨ ।
Follow us on Twitter Facebook Tumblr Reddit Instagram Youtube