ਆਸਾ ਮਹਲਾ ੫ ॥
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥
ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥
ਦੇਖਿ ਤੁਮ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥

ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥

ਜੇਤੇ ਮਾਇਆ ਰੰਗ ਤੇਤ ਪਛਾਵਿਆ ॥
ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥

ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥
ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥

Sahib Singh
ਕਿਸ ਹੀ ਸੰਗਿ = ਕਿਸੇ ਦੇ ਭੀ ਨਾਲ ।
ਗਰਬੀਐ = ਮਾਣ ਕਰੀਏ ।
ਆਧਾਰੁ = ਆਸਰਾ ।
ਭਉਜਲੁ = ਸੰਸਾਰ = ਸਮੁੰਦਰ ।
ਤਰਬੀਐ = ਤਰ ਸਕੀਦਾ ਹੈ ।੧ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਟੇਕ = ਆਸਰਾ ।
ਸਤਿਗੁਰ = ਹੇ ਸਤਿਗੁਰੂ !
ਦੇਖਿ = ਵੇਖ ਕੇ ।
ਧੀਰੇ = ਧੀਰਜ ਫੜਦਾ ਹੈ ।੧।ਰਹਾਉ ।
ਜੰਜਾਲੁ = ਮੋਹ ਵਿਚ ਫਸਾਣ ਵਾਲਾ ।
ਕਾਜਿ ਕਿਤੈ = ਕਿਸੇ ਭੀ ਕੰਮ ।
ਗਨੋੁ = {ਅਸਲ ਲਫ਼ਜ਼ ਹੈ ‘ਗਨੁ’, ਇਥੇ ਪੜ੍ਹਨਾ ਹੈ ‘ਗਨੋ’} ਗਿਣ, ਮਿਥ ।
ਆਧਾਰੁ = ਆਸਰਾ ।
ਧਨੁੋ = {ਅਸਲ ਲਫ਼ਜ਼ ਹੈ ‘ਧਨੁ’, ਇਥੇ ‘ਧਨੋ’ ਪੜ੍ਹਨਾ ਹੈ} ।੨ ।
ਰੰਗ = ਤਮਾਸ਼ੇ ।
ਤੇਤੇ = ਉਹ ਸਾਰੇ ।
ਪਛਾਵਿਆ = ਪਰਛਾਵੇਂ (ਵਾਂਗ ਢਲ ਜਾਣ ਵਾਲੇ) ।
ਸੁਖ ਕਾ ਨਿਧਾਨੁ = ਸੁਖਾਂ ਦਾ ਖ਼ਜ਼ਾਨਾ ।੩ ।
ਗਹਿਰ = ਡੂੰਘਾ ।
ਗੰਭੀਰ = ਵੱਡੇ ਜਿਗਰੇ ਵਾਲਾ ।
ਜੀਅ ਰੇ = ਹੇ ਜਿੰਦੇ !
    ।੪ ।
    
Sahib Singh
ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ ।
ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ।੧।ਰਹਾਉ ।
(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ ।
ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ।੧ ।
(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ।੨ ।
(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ, ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ।੩ ।
ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ।
ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ।੪।੯।੧੧੧ ।
Follow us on Twitter Facebook Tumblr Reddit Instagram Youtube