ਆਸਾ ਮਹਲਾ ੫ ॥
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥

ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥
ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥

ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥

ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥
ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥

ਤਿਨ੍ਹਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥

Sahib Singh
ਹਭੇ = ਸਾਰੇ ।
ਥੋਕ = ਪਦਾਰਥ ।
ਹਿਕੋ ਖਿਆਲੁ = ਇਕ ਪਰਮਾਤਮਾ ਦਾ ਧਿਆਨ ।
ਲਾਹਿ = ਦੂਰ ਕਰ ਦੇ ।
ਗੁਮਾਨੁ = ਅਹੰਕਾਰ ।
ਅਰਪਿ = ਅਰਪ ਕੇ, ਭੇਟਾ ਕਰ ਕੇ ।੧ ।
ਸਾਲਾਹਿ = ਸਿਫ਼ਤਿ = ਸਾਲਾਹ ਕਰ ਕੇ ।
ਸਿਰਜਨਹਾਰ = ਹੇ ਸਿਰਜਣਹਾਰ !
ਤੂੰ = ਤੈਨੂੰ ।
ਜੀਵਾਂ = ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ ।
ਮੂੰ = ਮੈਨੂੰ, ਮੇਰੇ ਉਤੇ ।੧।ਰਹਾਉ ।
ਕਮਾਇ = ਕਰ ।
ਜਿਤੁ = ਜਿਸ (ਕੰਮ) ਦੀ ਰਾਹੀਂ ।
ਉਜਲਾ = ਰੋਸ਼ਨ ।
ਸੋਈ = ਉਹੀ ਮਨੁੱਖ ।
ਸਚਿ = ਸਦਾ ਕਾਇਮ ਰਹਿਣ ਵਾਲੇ ਵਿਚ ।
ਤੂੰ ਦੇਹਿ = ਤੂੰ ਦੇਂਦਾ ਹੈਂ ।
ਅਲਾ = ਹੇ ਅੱਲਾ !
    ਹੇ ਪ੍ਰਭੂ !
    ।੨ ।
ਢਹੰਦੋ = ਨਾਸ ਹੁੰਦਾ ।
ਮੂਲਿ = ਬਿਲਕੁਲ ।
ਰਾਸਿ ਕਰਿ = ਠੀਕ ਕਰ ।
ਹਿਕੋ = ਇਕ ਪਰਮਾਤਮਾ ਨੂੰ ਹੀ ।ਚਿਤਿ—ਚਿੱਤ ਵਿਚ ।੩ ।
ਪ੍ਰਭ ਭਾਣਿਆ = ਪ੍ਰਭੂ ਨੂੰ ਪਿਆਰੇ ਲੱਗਦੇ ਹਨ ।
ਪਰਸਾਦਿ = ਕਿਰਪਾ ਨਾਲ ।
ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ।
ਨਾਨਕਿ = ਨਾਨਕ ਨੇ ।੪ ।
    
Sahib Singh
ਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।
ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ।੧।ਰਹਾਉ ।
ਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ (ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ।੧ ।
ਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ ।
(ਪਰ,) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ।੨ ।
ਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ ।
ਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ।੩ ।
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ (ਪਰ, ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ), ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ।੪।੫।੧੦੭ ।
Follow us on Twitter Facebook Tumblr Reddit Instagram Youtube