ਆਸਾ ਮਹਲਾ ੫ ॥
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥
ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥

ਹਉ ਵੰਞਾ ਕੁਰਬਾਣੁ ਸਾਈ ਆਪਣੇ ॥
ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥

ਬਿੰਦਕ ਗਾਲ੍ਹਿ ਸੁਣੀ ਸਚੇ ਤਿਸੁ ਧਣੀ ॥
ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥

ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥
ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥

ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥

Sahib Singh
ਸਾਈ = ਸਾਈਂ ।
ਅਲਖੁ = ਜਿਸ ਦਾ ਸਹੀ ਰੂਪ ਬਿਆਨ ਨਾਹ ਕੀਤਾ ਜਾ ਸਕੇ ।
ਅਪਾਰੁ = ਬੇਅੰਤ ।
ਭੋਰੀ = ਰਤਾ ਕੁ ਸਮਾ ਭੀ ।
ਮਨਿ = ਮਨ ਵਿਚ ।
ਮਾਇ = ਹੇ ਮਾਂ !
ਮੈਡਾ = ਮੇਰਾ ।
ਹਭੁ = ਸਾਰਾ ।੧ ।
ਹਉ = ਮੈਂ ।
ਵੰਞਾ = ਜਾਂਦੀ ਹਾਂ ।
ਘਣਾ = ਬਹੁਤ ।
ਮਨਿ = ਮਨ ਵਿਚ ।
ਤਨਿ = ਤਨ ਵਿਚ ।
ਜਾਪਣੇ = ਜਪਣ ਨਾਲ ।੧ ।
ਬਿੰਦਕ = ਥੋੜੀ ਜਿਤਨੀ ਹੀ ।
ਗਾਲਿ@ = ਗੱਲ, ਸਿਫ਼ਤਿ = ਸਾਲਾਹ ।
ਤਿਸੁ ਧਣੀ = ਉਸ ਮਾਲਕ ਦੀ ।
ਸੂਖੀ ਹੂੰਸੁਖੁ = ਸਭ ਤੋਂ ਸ੍ਰੇਸ਼ਟ ਸੁਖ ।
ਮਾਇ = ਹੇ ਮਾਂ !
ਕੀਮ = ਕੀਮਤ, ਮੁੱਲ ।
ਨ ਗਣੀ = ਮੈਂ ਬਿਆਨ ਨਹੀਂ ਕਰ ਸਕਦੀ ।੨ ।
ਨੈਣ ਪਸੰਦੋ = ਅੱਖਾਂ ਨੂੰ ਚੰਗਾ ਲੱਗਣ ਵਾਲਾ ।
ਪੇਖਿ = ਵੇਖ ਕੇ ।
ਮੁਸਤਾਕ = ਆਸ਼ਿਕ, ਮੋਹਿਤ ।
ਮੈ ਨਿਰਗੁਣਿ = ਮੈਨੂੰ ਗੁਣ-ਹੀਣ ਨੂੰ ।
ਮਾਇ = ਹੇ ਮਾਂ !
ਲੜਿ = ਪੱਲੇ ਨਾਲ ।੩ ।
ਬੇਦ ਕਤੇਬ = ਹਿੰਦੂ ਮੁਸਲਮਾਨ ਆਦਿਕ ਸਭਨਾਂ ਦੇ ਧਾਰਮਿਕ ਪੁਸਤਕ ।
ਹਭਾ ਹੂੰ = ਸਭਨਾਂ ਤੋਂ ।
ਜਾਹਰਾ = ਪ੍ਰਤੱਖ, ਹਰ ਥਾਂ ਵੱਸਦਾ ।੪ ।
    
Sahib Singh
ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ, ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ।੧।ਰਹਾਉ ।
ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ ਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ।੧ ।
ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ।੨ ।
ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ ।
ਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ।੩ ।
(ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ ।
(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ।੪।੩।੧੦੫ ।
Follow us on Twitter Facebook Tumblr Reddit Instagram Youtube