ਆਸਾ ਮਹਲਾ ੫ ॥
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥
ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥

ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥

ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥
ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥

ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥

ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥
ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥

Sahib Singh
ਸਰਬ ਸੁਖਾ = ਸਾਰੇ ਸੁਖਾਂ ਨੂੰ ।
ਹਰਿ ਜੇਵਡੁ = ਹਰਿ = ਮਿਲਾਪ ਜੇਡਾ ਸੁਖ ।
ਤੁਠਾ = ਪ੍ਰਸੰਨ ਹੋਇਆ ਹੋਇਆ ।
ਤੇ = ਤੋਂ, ਪਾਸੋਂ ।
ਸਚੁ = ਸਦਾ ਕਾਇਮ ਰਹਿਣ ਵਾਲਾ ।੧ ।
ਬਲਿਹਾਰੀ = ਸਦਕੇ ।
ਨ ਵਿਸਰਉ = ਮੈਂ ਨਾਹ ਭੁਲਾਵਾਂ ।
ਚਸਾ = ਪਲ ਦਾ ਤੀਜਾ ਹਿੱਸਾ, ਬਹੁਤ ਥੋੜਾ ਸਮਾ ।੧।ਰਹਾਉ ।
ਭਾਗਠੁ = ਭਾਗਾਂ ਵਾਲਾ, ਧਨਾਢ ।
ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ ।
ਛੁਟੈ = ਬਚਦਾ ਹੈ ।
ਜਿਸ ਨਿਰੰਤਰਿ = ਜਿਸ ਦੇ ਅੰਦਰ ਸਦਾ ਹੀ ।੨।ਮਹਿਮਾ—ਵਡਿਆਈ ।
ਕਹਾ = ਕਹਾਂ, ਮੈਂ ਆਖਾਂ ।
ਬਿਬੇਕ ਸਤਸਰੁ = ਬਿਬੇਕਸਰੁ ਸਤਸਰੁ, ਬਿਬੇਕ ਦਾ ਸਰੋਵਰ, ਸਤ ਦਾ ਸਰੋਵਰ ।
ਬਿਬੇਕ = ਚੰਗੇ ਮੰਦੇ ਦੀ ਪਰਖ ।
ਸਤ = ਉੱਚਾ ਆਚਰਨ ।
ਓਹ = ਉਹ ਗੁਰੂ ।੩ ।
ਰੰਗੇ = ਰੰਗਿ, ਪ੍ਰੇਮ ਨਾਲ ।
ਸੰਗੇ = ਨਾਲ, ਅੰਗ = ਸੰਗ ।੪ ।
    
Sahib Singh
(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ (ਮੈਂ ਗੁਰੂ ਪਾਸ ਹੀ ਅਰਜੋਈ ਕਰਦਾ ਹਾਂ—ਹੇ ਗੁਰੂ!) ਮੈਨੂੰ ਇਹ ਦਾਨ ਦੇਹ ਕਿ ਮੈਂ ਪਰਮਾਤਮਾ ਦਾ ਨਾਮ ਇਕ ਖਿਨ ਵਾਸਤੇ ਭੀ ਇਕ ਚਸੇ ਵਾਸਤੇ ਭੀ ਨਾਹ ਭੁਲਾਵਾਂ ।੧।ਰਹਾਉ ।
(ਹੇ ਭਾਈ!) ਮੈਂ (ਦੁਨੀਆ ਦੇ ਸਾਰੇ ਸੁਖਾਂ ਨੂੰ ਖੋਜ ਵੇਖਿਆ ਹੈ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁਖ ਨਹੀਂ ਹੈ ।
ਤੇ, ਉਹ ਸਦਾ ਕਾਇਮ ਰਹਿਣ ਵਾਲਾ ਮਾਲਕ-ਪਰਮਾਤਮਾ ਪ੍ਰਸੰਨ ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ ।੧ ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਵੱਸਦਾ ਹੋਵੇ ਉਹੀ (ਅਸਲ) ਸ਼ਾਹੂਕਾਰ ਹੈ, ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ।੨ ।
ਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ, ਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ।੩ ।
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖੋ (ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ।੪।੨।੧੦੪ ।
Follow us on Twitter Facebook Tumblr Reddit Instagram Youtube