ਆਸਾ ਮਹਲਾ ੫ ॥
ਗੁਰ ਪੂਰੇ ਰਾਖਿਆ ਦੇ ਹਾਥ ॥
ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥

ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥
ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥

ਸਰਨਿ ਪਰੇ ਸਾਚੇ ਗੁਰਦੇਵ ॥
ਪੂਰਨ ਹੋਈ ਸੇਵਕ ਸੇਵ ॥੨॥

ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥
ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥

Sahib Singh
ਪੂਰਾ = ਸਭ ਗੁਣਾਂ ਨਾਲ ਭਰਪੂਰ ।
ਦੇ = ਦੇ ਕੇ ।
ਜਨ = ਸੇਵਕ ।੧ ।
ਜਪੀ = ਜਪੀਂ, ਮੈਂ ਜਪਦਾ ਹਾਂ ।
ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ।
ਜੀਅ ਕੀ = ਜਿੰਦ ਦੀ ।
ਪਹਿ = ਪਾਸ, ਪਾਸੋਂ ।
ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ।ਰਹਾਉ ।
ਸਾਚੇ ਗੁਰਦੇਵ ਸਰਨ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਰੂਪ ਸਤਿਗੁਰੂ ਦੀ ਸਰਨ ।
ਪੂਰਨ = ਸਫਲ ।੨ ।
ਜੀਉ = ਜਿੰਦੁ ।
ਪਿੰਡੁ = ਸਰੀਰ ।
ਨਾਨਕ = ਹੇ ਨਾਨਕ !
ਕਉ = ਨੂੰ ।੩ ।
    
Sahib Singh
(ਹੇ ਭਾਈ!) ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ; ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ ।
ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ ।ਰਹਾਉ ।
(ਹੇ ਭਾਈ!) ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ (ਵਿਕਾਰ ਆਦਿਕ ਤੋਂ ਬਚਾ ਕੇ) ਰੱਖਦਾ ਹੈ ਉਸ ਦੀ ਸੋਭਾ-ਵਡਿਆਈ (ਸਾਰੇ ਜਗਤ ਵਿਚ) ਉੱਘੜ ਪੈਂਦੀ ਹੈ ।੧ ।
(ਹੇ ਭਾਈ!) ਜੇਹੜੇ ਸੇਵਕ ਸਦਾ-ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਦੀ ਸੇਵਾ (ਦੀ ਘਾਲ) ਸਿਰੇ ਚੜ੍ਹ ਜਾਂਦੀ ਹੈ ।੨ ।
ਹੇ ਨਾਨਕ! ਆਖ—(ਹੇ ਭਾਈ!) ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ (ਗੁਰੂ ਸਰਨ ਪਏ ਸੇਵਕ ਦੀ) ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ ਪ੍ਰਾਣਾਂ ਨੂੰ (ਵਿਕਾਰ ਆਦਿਕ ਤੋਂ) ਬਚਾ ਕੇ ਰੱਖਦਾ ਹੈ ।੩।੮।੧੦੨ ।
Follow us on Twitter Facebook Tumblr Reddit Instagram Youtube