ਆਸਾ ਮਹਲਾ ੫ ॥
ਮੀਠੀ ਆਗਿਆ ਪਿਰ ਕੀ ਲਾਗੀ ॥
ਸਉਕਨਿ ਘਰ ਕੀ ਕੰਤਿ ਤਿਆਗੀ ॥
ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥
ਮਨ ਮੇਰੇ ਕੀ ਤਪਤਿ ਹਰੀ ॥੧॥

ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥
ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥

ਹਉ ਬੰਦੀ ਪ੍ਰਿਅ ਖਿਜਮਤਦਾਰ ॥
ਓਹੁ ਅਬਿਨਾਸੀ ਅਗਮ ਅਪਾਰ ॥
ਲੇ ਪਖਾ ਪ੍ਰਿਅ ਝਲਉ ਪਾਏ ॥
ਭਾਗਿ ਗਏ ਪੰਚ ਦੂਤ ਲਾਵੇ ॥੨॥

ਨਾ ਮੈ ਕੁਲੁ ਨਾ ਸੋਭਾਵੰਤ ॥
ਕਿਆ ਜਾਨਾ ਕਿਉ ਭਾਨੀ ਕੰਤ ॥
ਮੋਹਿ ਅਨਾਥ ਗਰੀਬ ਨਿਮਾਨੀ ॥
ਕੰਤ ਪਕਰਿ ਹਮ ਕੀਨੀ ਰਾਨੀ ॥੩॥

ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥
ਸੂਖ ਸਹਜ ਮੇਰਾ ਧਨੁ ਸੋਹਾਗਾ ॥
ਕਹੁ ਨਾਨਕ ਮੋਰੀ ਪੂਰਨ ਆਸਾ ॥
ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥

Sahib Singh
ਪਿਰ ਕੀ = ਪ੍ਰਭੂ = ਪਤੀ ਦੀ ।
ਆਗਿਆ = ਰਜ਼ਾ ।
ਸਉਕਨਿ ਘਰ ਕੀ = ਮੇਰੇ ਹਿਰਦੇ-ਘਰ ਵਿਚ ਵੱਸਦੀ ਸੌਂਕਣ ।
ਸਉਕਨਿ = ਪਤੀ = ਮਿਲਾਪ ਵਿਚ ਰੋਕ ਪਾਣ ਵਾਲੀ ਮਾਇਆ ।
ਕੰਤਿ = ਕੰਤ ਨੇ ।
ਤਿਆਗੀ = ਖ਼ਲਾਸੀ ਕਰਾ ਦਿੱਤੀ ਹੈ ।
ਸੀਗਾਰਿ ਕਰੀ = ਮੈਨੂੰ ਸੋਹਣੀ ਬਣਾ ਦਿੱਤਾ ਹੈ ।
ਤਪਤਿ = ਤਪਸ਼ ।
ਹਰੀ = ਦੂਰ ਕਰ ਦਿੱਤੀ ਹੈ ।੧ ।
ਭਲੋ ਭਇਓ = ਚੰਗਾ ਹੋਇਆ, ਮੇਰੇ ਭਾਗ ਜਾਗ ਪਏ ।
ਪਿ੍ਰਅ ਕਹਿਆ = ਪਿਆਰੇ ਦਾ ਹੁਕਮ ।
ਸਹਜੁ = ਆਤਮਕ ਅਡੋਲਤਾ ।
ਇਸੁ ਘਰ ਕਾ = ਇਸ ਹਿਰਦੇ = ਘਰ ਦਾ ।ਰਹਾਉ ।
ਹਉ = ਮੈਂ ।
ਬੰਦੀ = ਦਾਸੀ ।
ਖਿਜਮਤਦਾਰ = ਸੇਵਾ ਕਰਨ ਵਾਲੀ ।
ਓਹੁ = ਉਹ ਪ੍ਰਭੂ = ਪਤੀ ।
ਅਗਮ = ਅਪਹੁੰਚ ।
ਅਪਾਰ = ਬੇਅੰਤ ।
ਲੇ = ਲੈ ਕੇ ।
ਝਲਉ = ਝੱਲਉਂ, ਮੈਂ ਝੱਲਦੀ ਹਾਂ ।
ਪਾਏ = ਪੈਰਾਂ ਵਿਚ (ਖਲੋ ਕੇ) ।
ਦੂਤ = ਵੈਰੀ ।
ਲਾਵੈ = ਵਾਢੇ, (ਆਤਮਕ ਜੀਵਨ ਨੂੰ) ਕੱਟਣ ਵਾਲੇ ।੨ ।
ਕੁਲੁ = ਉੱਚਾ ਖ਼ਾਨਦਾਨ ।
ਕਿਆ ਜਾਨਾ = ਮੈਂ ਕੀਹ ਜਾਣਾਂ ?
ਕਿਉ = ਕਿਸ ਤ੍ਰਹਾਂ ?
ਭਾਨੀ = ਪਸੰਦ ਆਈ ।
ਮੋਹਿ = ਮੈਨੂੰ ।
ਕੰਤ = ਕੰਤ ਨੇ ।
ਕੀਨੀ = ਬਣਾ ਲਿਆ ।੩ ।
ਮੁਖਿ ਲਾਗਾ = ਮੂੰਹ ਤੇ ਲੱਗਾ, ਮੂੰਹ ਲੱਗਾ, ਦਿੱਸਿਆ, ਦਰਸਨ ਹੋਇਆ ।
ਧਨੁ = ਧੰਨ, ਭਾਗਾਂ ਵਾਲਾ ।
ਮੋਰੀ = ਮੇਰੀ ।
ਸਤਿਗੁਰ = ਸਤਿਗੁਰ ਨੇ ।
ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ।੪ ।
    
Sahib Singh
(ਹੇ ਸਖੀ!) ਮੇਰੇ ਭਾਗ ਜਾਗ ਪਏ ਹਨ (ਕਿ ਗੁਰੂ ਦੀ ਕਿਰਪਾ ਨਾਲ) ਮੈਂ ਪਿਆਰੇ (ਪ੍ਰਭੂ-ਪਤੀ) ਦੀ ਰਜ਼ਾ (ਮਿੱਠੀ ਕਰ ਕੇ) ਮੰਨਣੀ ਸ਼ੁਰੂ ਕਰ ਦਿੱਤੀ ਹੈ, ਹੁਣ ਮੇਰੇ ਇਸ ਹਿਰਦੇ-ਘਰ ਵਿਚ ਵੱਸਦੇ ਸੁਖ ਤੇ ਆਤਮਕ ਅਡੋਲਤਾ ਨਾਲ ਮੇਰੀ ਡੂੰਘੀ ਸਾਂਝ ਬਣ ਗਈ ਹੈ ।੧।ਰਹਾਉ ।
(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਪ੍ਰਭੂ-ਪਤੀ ਦੀ ਰਜ਼ਾ ਮਿੱਠੀ ਲੱਗ ਰਹੀ ਹੈ (ਤਦੋਂ ਤੋਂ) ਪ੍ਰਭੂ-ਪਤੀ ਨੇ ਮੇਰਾ ਹਿਰਦਾ-ਘਰ ਮੱਲ ਕੇ ਬੈਠੀ ਮੇਰੀ ਸੌਂਕਣ (ਮਾਇਆ) ਤੋਂ ਖ਼ਲਾਸੀ ਕਰਾ ਦਿੱਤੀ ਹੈ ।
ਪਿਆਰੇ ਨੇਸੁਹਾਗਣ ਬਣਾ ਕੇ ਮੈਨੂੰ (ਮੇਰੇ ਆਤਮਕ ਜੀਵਨ ਨੂੰ) ਸੁੰਦਰ ਬਣਾ ਦਿੱਤਾ ਹੈ, ਤੇ ਮੇਰੇ ਮਨ ਦੀ (ਤ੍ਰਿਸ਼ਨਾ ਦੀ) ਤਪਸ਼ ਦੂਰ ਕਰ ਦਿੱਤੀ ਹੈ ।੧ ।
(ਹੇ ਸਖੀ! ਹੁਣ) ਮੈਂ ਪਿਆਰੇ ਪ੍ਰਭੂ-ਪਤੀ ਦੀ ਦਾਸੀ ਬਣ ਗਈ ਹਾਂ ਸੇਵਾਦਾਰਨੀ ਬਣ ਗਈ ਹਾਂ ।
(ਹੇ ਸਖੀ! ਮੇਰਾ) ਉਹ (ਪਤੀ) ਕਦੇ ਮਰਨ ਵਾਲਾ ਨਹੀਂ, ਅਪਹੁੰਚ ਤੇ ਬੇਅੰਤ ਹੈ ।
(ਹੇ ਸਖੀ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਪੱਖਾ (ਹੱਥ ਵਿਚ) ਫੜ ਕੇ ਉਸ ਦੇ ਪੈਰਾਂ ਵਿਚ ਖਲੋ ਕੇ ਮੈਂ ਉਸ ਪਿਆਰੇ ਨੂੰ ਝੱਲਦੀ ਰਹਿੰਦੀ ਹਾਂ (ਤਦੋਂ ਤੋਂ ਮੇਰੇ ਆਤਮਕ ਜੀਵਨ ਦੀਆਂ ਜੜ੍ਹਾਂ) ਕੱਟਣ ਵਾਲੇ ਕਾਮਾਦਿਕ ਪੰਜੇ ਵੈਰੀ ਭੱਜ ਗਏ ਹਨ ।੨ ।
(ਹੇ ਸਖੀ!) ਨਾਹ ਮੇਰਾ ਕੋਈ ਉੱਚਾ ਖ਼ਾਨਦਾਨ ਹੈ, ਨਾਹ (ਕਿਸੇ ਗੁਣਾਂ ਦੀ ਬਰਕਤਿ ਨਾਲ) ਮੈਂ ਸੋਭਾ ਦੀ ਮਾਲਕ ਹਾਂ, ਮੈਨੂੰ ਪਤਾ ਨਹੀਂ ਮੈਂ ਕਿਵੇਂ ਪ੍ਰਭੂ-ਪਤੀ ਨੂੰ ਚੰਗੀ ਲੱਗ ਰਹੀ ਹਾਂ ।
(ਹੇ ਸਖੀ! ਇਹ ਗੁਰੂ ਪਾਤਿਸ਼ਾਹ ਦੀ ਹੀ ਮੇਹਰ ਹੈ ਕਿ) ਮੈਨੂੰ ਅਨਾਥ ਨੂੰ ਗ਼ਰੀਬਣੀ ਨੂੰ ਨਿਮਾਣੀ ਨੂੰ ਕੰਤ-ਪ੍ਰਭੂ ਨੇ (ਬਾਹੋਂ) ਫੜ ਕੇ ਆਪਣੀ ਰਾਣੀ ਬਣਾ ਲਿਆ ਹੈ ।੩ ।
(ਹੇ ਸਹੇਲੀਏ! ਜਦੋਂ ਤੋਂ) ਮੈਨੂੰ ਮੇਰਾ ਸੱਜਣ ਪ੍ਰੀਤਮ ਮਿਲਿਆ ਹੈ, ਮੇਰੇ ਅੰਦਰ ਆਨੰਦ ਬਣ ਰਿਹਾ ਹੈ ਆਤਮਕ ਅਡੋਲਤਾ ਪੈਦਾ ਹੋ ਗਈ ਹੈ, ਮੇਰੇ ਭਾਗ ਜਾਗ ਪਏ ਹਨ ।
ਹੇ ਨਾਨਕ! ਆਖ—(ਹੇ ਸਹੇਲੀਏ! ਪ੍ਰਭੂ-ਪਤੀ ਦੇ ਮਿਲਾਪ ਦੀ) ਮੇਰੀ ਆਸ ਪੂਰੀ ਹੋ ਗਈ ਹੈ, ਸਤਿਗੁਰੂ ਨੇ ਹੀ ਮੈਨੂੰ ਗੁਣਾਂ ਦੇ ਖ਼ਜ਼ਾਨੇ ਉਸ ਪ੍ਰਭੂ ਨਾਲ ਮਿਲਾਇਆ ਹੈ ।੪।੧।੯੫ ।

ਨੋਟ: ਸ਼ਬਦ ਨੰ: ੯੪ ਤੋਂ ਫਿਰ ਚਾਰ ਬੰਦਾਂ ਵਾਲੇ ਸ਼ਬਦ ਸ਼ੁਰੂ ਹੋ ਗਏ ਹਨ ।
Follow us on Twitter Facebook Tumblr Reddit Instagram Youtube