ਆਸਾ ਮਹਲਾ ੫ ਦੁਪਦਾ ੧ ॥
ਸਾਧੂ ਸੰਗਿ ਸਿਖਾਇਓ ਨਾਮੁ ॥
ਸਰਬ ਮਨੋਰਥ ਪੂਰਨ ਕਾਮ ॥
ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥
ਜਪਿ ਜਪਿ ਜੀਵਾ ਸਾਰਿਗਪਾਨੇ ॥੧॥

ਕਰਨ ਕਰਾਵਨ ਸਰਨਿ ਪਰਿਆ ॥
ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥

ਲਾਲ ਜਵੇਹਰ ਭਰੇ ਭੰਡਾਰ ॥
ਤੋਟਿ ਨ ਆਵੈ ਜਪਿ ਨਿਰੰਕਾਰ ॥
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥
ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥

Sahib Singh
ਸਾਧੂ = ਗੁਰੂ ।
ਸੰਗਿ = ਸੰਗਤਿ ਵਿਚ ।
ਸਰਬ = ਸਾਰੇ ।
ਕਾਮ = ਕੰਮ ।
ਪੂਰਨ = ਪੂਰੇ ਹੋ ਜਾਂਦੇ ਹਨ ।
ਜਸਹਿ = ਜਸ ਵਿਚ, ਸਿਫ਼ਤਿ = ਸਾਲਾਹ ਵਿਚ ।
ਅਘਾਨੇ = ਰੱਜੇ ਰਹਿੰਦੇ ਹਨ ।
ਜੀਵਾ = ਮੈਂ ਜੀਊਂਦਾ ਹਾਂ, ਜੀਵਾਂ ।
ਸਾਰਿਗਪਾਨੇ = {ਸਾਰਿਗ—ਧਨੁਖ ।
ਪਾਨਿ = ਹੱਥ ।
    ਜਿਸ ਦੇ ਹੱਥ ਵਿਚ ਧਨੁਖ ਹੈ, ਜੋ ਸਭ ਦਾ ਨਾਸ ਕਰਨ ਵਾਲਾ ਭੀ ਹੈ} ਪਰਮਾਤਮਾ ।੧ ।
ਪਰਸਾਦਿ = ਪ੍ਰਸਾਦਿ, ਕਿਰਪਾ ਨਾਲ ।
ਸਹਜ = ਆਤਮਕ ਅਡੋਲਤਾ ।੧ ।
ਲਾਲ = ਹੀਰੇ ।
ਭੰਡਾਰ = ਖ਼ਜ਼ਾਨੇ ।
ਜਪਿ = ਜਪ ਕੇ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ਜਲ ।
ਜਨੁ = ਕੋਇ, ਜੇਹੜਾ ਭੀ ਮਨੁੱਖ ।
ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ।੨ ।
    
Sahib Singh
(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ ਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ ।
(ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ।੧ ।
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ) ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ ।
(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।੧ ।
ਹੇ ਨਾਨਕ! (ਉੱਚੇ ਆਤਮਕ ਜੀਵਨ ਵਾਲੇ ਗੁਣ, ਮਾਨੋ) ਹੀਰੇ ਜਵਾਹਰ ਹਨ, ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਦੇ ਅੰਦਰ ਇਹਨਾਂ ਦੇ ਖ਼ਜ਼ਾਨੇ ਭਰ ਜਾਂਦੇ ਹਨ ਤੇ ਕਦੇ ਇਹਨਾਂ ਦੀ ਥੁੜ ਨਹੀਂ ਹੁੰਦੀ ।
ਗੁਰੂ ਦਾ ਸ਼ਬਦਆਤਮਕ ਜੀਵਨ ਦੇਣ ਵਾਲਾ ਜਲ ਹੈ, ਜੇਹੜਾ ਭੀ ਮਨੁੱਖ ਇਹ ਨਾਮ-ਜਲ ਪੀਂਦਾ ਹੈ ਉਸ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ।੨।੪੧।੯੨ ।
Follow us on Twitter Facebook Tumblr Reddit Instagram Youtube