ਆਸਾ ਮਹਲਾ ੫ ਪੰਚਪਦਾ ॥
ਜਿਹ ਪੈਡੈ ਲੂਟੀ ਪਨਿਹਾਰੀ ॥
ਸੋ ਮਾਰਗੁ ਸੰਤਨ ਦੂਰਾਰੀ ॥੧॥

ਸਤਿਗੁਰ ਪੂਰੈ ਸਾਚੁ ਕਹਿਆ ॥
ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥

ਜਹ ਲਾਲਚ ਜਾਗਾਤੀ ਘਾਟ ॥
ਦੂਰਿ ਰਹੀ ਉਹ ਜਨ ਤੇ ਬਾਟ ॥੨॥

ਜਹ ਆਵਟੇ ਬਹੁਤ ਘਨ ਸਾਥ ॥
ਪਾਰਬ੍ਰਹਮ ਕੇ ਸੰਗੀ ਸਾਧ ॥੩॥

ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥
ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥

ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥
ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥

Sahib Singh
ਨੋਟ: = ਪੰਚਪਦਾ = ਪੰਜ ਬੰਦਾਂ ਵਾਲਾ ਇੱਕ ਸ਼ਬਦ ।
ਜਿਹ ਪੈਡੈ = ਜਿਸ ਰਸਤੇ ਵਿਚ ।
ਪਨਿਹਾਰੀ = ਪਾਣੀ ਭਰਨ ਵਾਲੀ, ਕਾਮਾਦਿਕ ਵਿਕਾਰਾਂ ਦਾ ਪਾਣੀ ਭਰਨ ਵਾਲੀ, ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ।
ਮਾਰਗੁ = ਰਸਤਾ ।੧ ।
ਸਾਚੁ = ਸਦਾ = ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ।
ਮੁਕਤੇ = ਖੁਲ੍ਹੀ ।
ਬੀਥੀ = {ਵੀਥੀ} ਗਲੀ ।੧ ।
ਜਹ = ਜਿਥੇ ।
ਜਾਗਾਤੀ = ਮਸੂਲੀਆ ।
ਘਾਟ = ਪੱਤਣ ।
ਬਾਟ = ਵਾਟ, ਰਸਤਾ ।੨ ।
ਆਵਟੇ = {ਆਵÙLੱ } ਦੁਖੀ ਹੁੰਦੇ ਹਨ ।
ਘਨ = ਬਹੁਤ ।
ਸਾਥ = ਕਾਫ਼ਲੇ ।
ਸੰਗੀ = ਸਾਥੀ ।੩ ।
ਚਿਤ੍ਰ ਗੁਪਤੁ = ਜੀਵਾਂ ਦੇ ਕਰਮਾਂ ਦੇ ਗੁਪਤ ਚਿਤ੍ਰ ਲਿਖਣ ਵਾਲੇ ।
ਕਉ = ਨੂੰ ।
ਦਿ੍ਰਸਟਿ ਨ ਪੇਖਾ = ਨਿਗਾਹ ਮਾਰ ਕੇ ਭੀ ਨਹੀਂ ਵੇਖ ਸਕਦੇ ।੪ ।
ਤਾ ਕੈ = ਉਸ ਦੇ ਹਿਰਦੇ ਵਿਚ ।
ਅਨਹਦ = ਇਕ = ਰਸ ।
ਤੂਰਾ = ਵਾਜੇ ।੫ ।
    
Sahib Singh
ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ, ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ ।੧।ਰਹਾਉ ।
(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ, ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ ।੧ ।
(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ) ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ।੨ ।
(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ, ਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ।੩ ।
(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ, ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ ।੪ ।
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ।੫।੪੦।੯੧ ।
Follow us on Twitter Facebook Tumblr Reddit Instagram Youtube