ਆਸਾ ਮਹਲਾ ੫ ॥
ਆਠ ਪਹਰ ਉਦਕ ਇਸਨਾਨੀ ॥
ਸਦ ਹੀ ਭੋਗੁ ਲਗਾਇ ਸੁਗਿਆਨੀ ॥
ਬਿਰਥਾ ਕਾਹੂ ਛੋਡੈ ਨਾਹੀ ॥
ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥

ਸਾਲਗਿਰਾਮੁ ਹਮਾਰੈ ਸੇਵਾ ॥
ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥

ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥
ਆਸਨੁ ਜਾ ਕਾ ਸਦਾ ਬੈਕੁੰਠ ॥
ਜਾ ਕਾ ਚਵਰੁ ਸਭ ਊਪਰਿ ਝੂਲੈ ॥
ਤਾ ਕਾ ਧੂਪੁ ਸਦਾ ਪਰਫੁਲੈ ॥੨॥

ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥
ਅਭਗ ਸਭਾ ਸੰਗਿ ਹੈ ਸਾਧਾ ॥
ਆਰਤੀ ਕੀਰਤਨੁ ਸਦਾ ਅਨੰਦ ॥
ਮਹਿਮਾ ਸੁੰਦਰ ਸਦਾ ਬੇਅੰਤ ॥੩॥

ਜਿਸਹਿ ਪਰਾਪਤਿ ਤਿਸ ਹੀ ਲਹਨਾ ॥
ਸੰਤ ਚਰਨ ਓਹੁ ਆਇਓ ਸਰਨਾ ॥
ਹਾਥਿ ਚੜਿਓ ਹਰਿ ਸਾਲਗਿਰਾਮੁ ॥
ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥

Sahib Singh
ਇਸਨਾਨੀ = ਇਸ਼ਨਾਨ ਕਰਨ ਵਾਲਾ ।
ਉਦਕ = ਪਾਣੀ ।
ਸਦ = ਸਦਾ ।
ਸੁਗਿਆਨੀ = (ਹਰੇਕ ਦੇ ਦਿਲ ਦੀ) ਚੰਗੀ ਤ੍ਰਹਾਂ ਜਾਣਨ ਵਾਲਾ ਹਰਿ-ਸਾਲਿਗ-ਗਰਾਮ ।
ਬਿਰਥਾ = ਪੀੜਾ, ਦੁੱਖ ।
ਕਾਹੂ = ਕਿਸੇ ਦੀ ।
ਬਹੁਰਿ ਬਹੁਰਿ = ਮੁੜ ਮੁੜ ।
ਲਾਗਹ = ਅਸੀ ਲੱਗਦੇ ਹਾਂ ।
ਪਾਈ = ਪੈਰੀਂ ।
ਤਿਸੁ ਪਾਈ = ਉਸ (ਸਾਲਗਿਰਾਮ) ਦੀ ਪੈਰੀਂ ।੧ ।
ਸਾਲਗਿਰਾਮ = ਨੇਪਾਲ ਦੇ ਦੱਖਣ ਵਿਚ ਵਗਦੀ ਨਦੀ ਗੰਡਕਾ ਵਿਚੋਂ ਪਿੰਡ ਸਾਲ-ਗ੍ਰਾਮ ਦੇ ਨੇੜੇ ਧਾਰੀਦਾਰ ਤੇ ਗੋਲ ਛੋਟੇ ਛੋਟੇ ਪੱਥਰ ਨਿਕਲਦੇ ਹਨ ।
    ਉਹਨਾਂ ਨੂੰ ਵਿਸ਼ਨੂੰ ਦੀ ਮੂਰਤੀ ਮੰਨਿਆ ਜਾ ਰਿਹਾ ਹੈ ।
    ਉਸ ਪਿੰਡ ਦੇ ਨਾਮ ਤੇ ਉਸ ਦਾ ਨਾਮ ਭੀ ਸਾਲਗਿਰਾਮ ਰੱਖਿਆ ਗਿਆ ਹੈ ।
ਹਮਾਰੈ = ਸਾਡੇ ਘਰ ਵਿਚ, ਸਾਡੇ ਵਾਸਤੇ ।
ਸੇਵਾ = ਪ੍ਰਭੂ ਦੀ ਸੇਵਾ = ਭਗਤੀ ।
ਅਰਚਾ = ਚੰਦਨ ਆਦਿਕ ਸੁਗੰਧੀ ਦੀ ਭੇਟਾ ।
ਬੰਦਨ = ਨਮਸਕਾਰ ।੧।ਰਹਾਉ ।
ਜਾ ਕਾ = ਜਿਸ (ਹਰਿ = ਸਾਲਗਿਰਾਮ) ਦਾ ।
ਚਹੁਕੁੰਟ = ਚੌਹੀਂ ਪਾਸੀਂ, ਸਾਰੇ ਜਗਤ ਵਿਚ ।
ਪਰਫੁਲੈ = ਫੁੱਲ ਦੇਂਦੀ ਹੈ ।੨ ।
ਘਟਿ ਘਟਿ = ਹਰੇਕ ਸਰੀਰ ਵਿਚ ।
ਸੰਪਟੁ = ਉਹ ਡੱਬਾ ਜਿਸ ਵਿਚ ਠਾਕੁਰ ਰੱਖੇ ਜਾਂਦੇ ਹਨ ।
ਰੇ = ਹੇ ਭਾਈ !
ਅਭਗ = ਨਾਹ ਨਾਸ ਹੋਣ ਵਾਲੀ ।
ਸੰਗਿ = ਨਾਲ ।
ਮਹਿਮਾ = ਵਡਿਆਈ ।੩ ।
ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਉਸ ਦੀ ਪ੍ਰਾਪਤੀ ਲਿਖੀ ਪਈ ਹੈ ।
ਤਿਸ ਹੀ = ਤਿਸੁ ਹੀ, ਉਸ ਨੂੰ ਹੀ ।
ਹਾਥ ਚੜਿਓ = ਮਿਲ ਪਿਆ ।
ਗੁਰਿ = ਗੁਰੂ ਨੇ ।੪ ।
    
Sahib Singh
(ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ ।
(ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ ।ਰਹਾਉ ।
(ਹੇ ਪੰਡਿਤ!) ਅਸੀ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ ।
ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ, ਹਰੇਕ ਦੇ ਦਿਲ ਦੀ ਚੰਗੀ ਤ੍ਰਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ) ।੧ ।
(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ ।
(ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ, ਸਭ ਜੀਵਾਂ ਉਤੇ ਉਸ ਦਾ (ਪਵਣ)-ਚਵਰ ਝੁਲ ਰਿਹਾ ਹੈ, (ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ।੨ ।
(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ; ਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ, ਜਿਥੇ ਉਸਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ, ਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ ।੩ ।
ਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ, ਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ ।
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ, ਉਸ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ ।੪।੩੯।੯੦ ।
Follow us on Twitter Facebook Tumblr Reddit Instagram Youtube