ਆਸਾ ਮਹਲਾ ੫ ॥
ਆਠ ਪਹਰ ਨਿਕਟਿ ਕਰਿ ਜਾਨੈ ॥
ਪ੍ਰਭ ਕਾ ਕੀਆ ਮੀਠਾ ਮਾਨੈ ॥
ਏਕੁ ਨਾਮੁ ਸੰਤਨ ਆਧਾਰੁ ॥
ਹੋਇ ਰਹੇ ਸਭ ਕੀ ਪਗ ਛਾਰੁ ॥੧॥

ਸੰਤ ਰਹਤ ਸੁਨਹੁ ਮੇਰੇ ਭਾਈ ॥
ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥

ਵਰਤਣਿ ਜਾ ਕੈ ਕੇਵਲ ਨਾਮ ॥
ਅਨਦ ਰੂਪ ਕੀਰਤਨੁ ਬਿਸ੍ਰਾਮ ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥

ਕੋਟਿ ਕੋਟਿ ਅਘ ਕਾਟਨਹਾਰਾ ॥
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥
ਸੂਰਬੀਰ ਬਚਨ ਕੇ ਬਲੀ ॥
ਕਉਲਾ ਬਪੁਰੀ ਸੰਤੀ ਛਲੀ ॥੩॥

ਤਾ ਕਾ ਸੰਗੁ ਬਾਛਹਿ ਸੁਰਦੇਵ ॥
ਅਮੋਘ ਦਰਸੁ ਸਫਲ ਜਾ ਕੀ ਸੇਵ ॥
ਕਰ ਜੋੜਿ ਨਾਨਕੁ ਕਰੇ ਅਰਦਾਸਿ ॥
ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥

Sahib Singh
ਨਿਕਟਿ = ਨੇੜੇ ।
ਮਾਨੋ = ਮੰਨਦਾ ਹੈ ।
ਸੰਤਨ = ਸੰਤਾਂ ਦਾ ।
ਆਧਾਰੁ = ਆਸਰਾ ।
ਪਗ = ਪੈਰ ।
ਛਾਰੁ = ਸੁਆਹ, ਧੂੜ ।੧ ।
ਰਹਤ = ਜੀਵਨ = ਜੁਗਤਿ, ਰਹਿਣੀ ।
ਉਆ ਕੀ = ਉਸ (ਰਹਿਤ) ਦੀ ।
ਮਹਿਮਾ = ਵਡਿਆਈ ।੧।ਰਹਾਉ ।
ਵਰਤਣਿ = ਰੋਜ਼ ਦਾ ਆਹਰ ।
ਜਾ ਕੈ = ਜਿਸ ਦੇ ਹਿਰਦੇ ਵਿਚ ।
ਅਨਦ ਰੂਪ ਕੀਰਤਨੁ = ਆਨੰਦ = ਸਰੂਪ ਪ੍ਰਭੂ ਦੀ ਸਿਫ਼ਤਿ-ਸਾਲਾਹ ।
ਬਿਸ੍ਰਾਮ = ਟੇਕ, ਸਹਾਰਾ ।
ਸਤ੍ਰü = ਵੈਰੀ ।
ਸਮਾਨ = ਬਰਾਬਰ ।੨ ।
ਅਘ = ਪਾਪ ।
ਕਾਟਨਹਾਰਾ = ਕੱਟਣ ਦੀ ਤਾਕਤ ਵਾਲਾ ।
ਜੀਅ ਕੇ ਦਾਤਾਰਾ = ਆਤਮਕ ਜੀਵਨ ਦੇਣ ਵਾਲੇ ।
ਸੂਰਬੀਰ = ਸੂਰਮੇ ।
ਬਲੀ = ਬਹਾਦਰ ।
ਕਉਲਾ = ਮਾਇਆ ।
ਬਪੁਰੀ = ਵਿਚਾਰੀ ।
ਸੰਤੀ = ਸੰਤਾਂ ਨੇ ।
ਛਲੀ = ਵੱਸ ਵਿਚ ਕਰ ਲਈ ।੩।ਤਾ ਕਾ—ਉਸ (ਸੰਤ) ਦਾ ।
ਬਾਛਹਿ = ਚਾਹੁੰਦੇ ਹਨ ।
ਸੁਰਦੇਵ = ਅਕਾਸ਼ੀ ਦੇਵਤੇ ।
ਅਮੋਘ = ਵਿਅਰਥ ਨਾਹ ਜਾਣ ਵਾਲਾ ।
ਸਫਲ = ਫਲ ਦੇਣ ਵਾਲੀ ।
ਕਰ = (ਦੋਵੇਂ) ਹੱਥ ।
ਜੋੜਿ = ਜੋੜ ਕੇ ।
ਮੋਹਿ = ਮੈਨੂੰ ।
ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਹਰੀ !
    ।੪ ।
    
Sahib Singh
ਹੇ ਮੇਰੇ ਵੀਰ! (ਪਰਮਾਤਮਾ ਦੇ) ਸੰਤ ਦੀ ਜੀਵਨ-ਜੁਗਤੀ ਸੁਣ (ਉਸ ਦਾ ਜੀਵਨ ਇਤਨਾ ਉੱਚਾ ਹੈ ਕਿ) ਉਸ ਦਾ ਵਡੱਪਣ ਬਿਆਨ ਨਹੀਂ ਕੀਤਾ ਜਾ ਸਕਦਾ ।੧।ਰਹਾਉ ।
ਪਰਮਾਤਮਾ ਦਾ ਭਗਤ ਪਰਮਾਤਮਾ ਨੂੰ ਅੱਠੇ ਪਹਿਰ ਆਪਣੇ ਨੇੜੇ ਵੱਸਦਾ ਸਮਝਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਮਿੱਠਾ ਕਰ ਕੇ ਮੰਨਦਾ ਹੈ ।
(ਹੇ ਵੀਰ!) ਪਰਮਾਤਮਾ ਦਾ ਨਾਮ ਹੀ ਸੰਤ ਜਨਾਂ (ਦੀ ਜ਼ਿੰਦਗੀ) ਦਾ ਆਸਰਾ (ਬਣਿਆ ਰਹਿੰਦਾ) ਹੈ ।
ਸੰਤ ਜਨ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ ।੧ ।
(ਹੇ ਭਾਈ! ਸੰਤ ਉਹ ਹੈ) ਜਿਸ ਦੇ ਹਿਰਦੇ ਵਿਚ ਸਿਰਫ਼ ਹਰਿ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ, ਸਦਾ ਆਨੰਦ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਹੀ (ਸੰਤ ਦੀ ਜ਼ਿੰਦਗੀ ਦਾ) ਸਹਾਰਾ ਹੈ ।
(ਹੇ ਭਾਈ! ਸੰਤ ਉਹ ਹੈ) ਜਿਸ ਦੇ ਮਨ ਵਿਚ ਮਿੱਤਰ ਤੇ ਵੈਰੀ ਇਕੋ ਜਿਹੇ (ਮਿੱਤਰ ਹੀ) ਲੱਗਦੇ ਹਨ (ਕਿਉਂਕਿ ਸੰਤ ਸਭ ਜੀਵਾਂ ਵਿਚ) ਆਪਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਵੱਸਦਾ) ਨਹੀਂ ਸਮਝਦਾ ।੨ ।
(ਹੇ ਭਾਈ! ਪਰਮਾਤਮਾ ਦਾ ਸੰਤ ਹੋਰਨਾਂ ਦੇ) ਕ੍ਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ ।
(ਹੇ ਭਾਈ!) ਪਰਮਾਤਮਾ ਦੇ ਸੰਤ (ਦੂਜਿਆਂ ਦੇ) ਦੁੱਖ ਦੂਰ ਕਰਨ ਜੋਗੇ ਹੋ ਜਾਂਦੇ ਹਨ ਉਹ (ਲੋਕਾਂ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦੇ ਹਨ ।
(ਪ੍ਰਭੂ ਦੇ ਸੰਤ ਵਿਕਾਰਾਂ ਦੇ ਟਾਕਰੇ ਤੇ) ਸੂਰਮੇ ਹੁੰਦੇ ਹਨ, ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ ।
(ਸੰਤਾਂ ਦੀ ਨਿਗਾਹ ਵਿਚ ਇਹ ਮਾਇਆ ਭੀ ਨਿਮਾਣੀ ਜਿਹੀ ਜਾਪਦੀ ਹੈ) ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਵੱਸ ਵਿਚ ਕਰ ਲਿਆ ਹੁੰਦਾ ਹੈ ।੩ ।
(ਹੇ ਭਾਈ!) ਪਰਮਾਤਮਾ ਦੇ ਸੰਤ ਦਾ ਮਿਲਾਪ ਆਕਾਸ਼ੀ ਦੇਵਤੇ ਭੀ ਲੋੜਦੇ ਰਹਿੰਦੇ ਹਨ ।
ਸੰਤ ਦਾ ਦਰਸ਼ਨ ਵਿਅਰਥ ਨਹੀਂ ਜਾਂਦਾ, ਸੰਤ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ ।
(ਹੇ ਭਾਈ!) ਨਾਨਕ (ਦੋਵੇਂ) ਹੱਥ ਜੋੜ ਕੇ ਅਰਜ਼ੋਈ ਕਰਦਾ ਹੈ—ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤਿ ਬਖ਼ਸ਼ ।੪।੩੭।੮੮ ।
Follow us on Twitter Facebook Tumblr Reddit Instagram Youtube