ਆਸਾ ਮਹਲਾ ੫ ॥
ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥
ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥
ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥
ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥

ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥
ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥

ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥
ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥
ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥
ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥

ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥
ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥
ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥
ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥

ਆਪਹੁ ਕੋਈ ਮਿਲੈ ਨ ਭੂਲੈ ॥
ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥
ਕਹੁ ਨਾਨਕ ਤੇਰੈ ਕੁਰਬਾਣੁ ॥
ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥

Sahib Singh
ਲਗੈ ਨ = ਪੋਹ ਨਹੀਂ ਸਕਦਾ ।
ਖੋਇ = ਨਾਸ ਕਰ ਲੈਂਦਾ ਹੈ ।
ਸਦ = ਸਦਾ ।
ਨਿਰਮਲ = ਪਵਿਤ੍ਰ ਕਰਨ ਵਾਲੀ ।੧ ।
ਮੀਤ = ਹੇ ਮਿੱਤਰ !
ਜੀਅ ਆਧਾਰੁ = ਜਿੰਦ ਦਾ ਆਸਰਾ ।
ਘਟ ਘਟ = ਹਰੇਕ ਜੀਵ ਦਾ ।੧।ਰਹਾਉ ।
ਨਿਧਾਨ = ਖ਼ਜ਼ਾਨੇ ।
ਰਿਦੈ = ਹਿਰਦੇ ਵਿਚ ।
ਚਿੰਤ = ਚਿੰਤਾ ।੨ ।
ਭਵਜਲੁ = ਸੰਸਾਰ = ਸਮੁੰਦਰ ।
ਉਧਾਰੈ = ਬਚਾ ਲੈਂਦਾ ਹੈ ।
ਸੰਗਾਰੈ = ਨਾਲ, ਸੰਗ ।੩ ।
ਆਪਹੁ = ਆਪਣੇ ਉੱਦਮ ਨਾਲ ।
ਭੂਲੇ = ਭੁੱਲਦਾ, ਕੁਰਾਹੇ ਪੈਂਦਾ ।
ਘੂਲੈ = ਮਿਲਾਂਦਾ ਹੈ ।
ਸੰਤ = ਸੰਤਾਂ ਨੂੰ ।੪ ।
    
Sahib Singh
ਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ ਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ।੧।ਰਹਾਉ ।
ਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ, (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ, (ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ।੧ ।
ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ, ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ), (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ, ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ।੨ ।
ਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ।
ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।
(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ।੩ ।
(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ ।
ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ) ।ਹੇ ਨਾਨਕ! ਆਖ—ਹੇ ਪ੍ਰਭੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ।੪।੩੪।੮੫ ।
Follow us on Twitter Facebook Tumblr Reddit Instagram Youtube