ਆਸਾ ਮਹਲਾ ੫ ॥
ਨਾ ਓਹੁ ਮਰਤਾ ਨਾ ਹਮ ਡਰਿਆ ॥
ਨਾ ਓਹੁ ਬਿਨਸੈ ਨਾ ਹਮ ਕੜਿਆ ॥
ਨਾ ਓਹੁ ਨਿਰਧਨੁ ਨਾ ਹਮ ਭੂਖੇ ॥
ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥

ਅਵਰੁ ਨ ਕੋਊ ਮਾਰਨਵਾਰਾ ॥
ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥

ਨਾ ਉਸੁ ਬੰਧਨ ਨਾ ਹਮ ਬਾਧੇ ॥
ਨਾ ਉਸੁ ਧੰਧਾ ਨਾ ਹਮ ਧਾਧੇ ॥
ਨਾ ਉਸੁ ਮੈਲੁ ਨ ਹਮ ਕਉ ਮੈਲਾ ॥
ਓਸੁ ਅਨੰਦੁ ਤ ਹਮ ਸਦ ਕੇਲਾ ॥੨॥

ਨਾ ਉਸੁ ਸੋਚੁ ਨ ਹਮ ਕਉ ਸੋਚਾ ॥
ਨਾ ਉਸੁ ਲੇਪੁ ਨ ਹਮ ਕਉ ਪੋਚਾ ॥
ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥
ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥

ਹਮ ਕਿਛੁ ਨਾਹੀ ਏਕੈ ਓਹੀ ॥
ਆਗੈ ਪਾਛੈ ਏਕੋ ਸੋਈ ॥
ਨਾਨਕ ਗੁਰਿ ਖੋਏ ਭ੍ਰਮ ਭੰਗਾ ॥
ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥

Sahib Singh
ਓਹੁ = ਉਹ ਪਰਮਾਤਮਾ ।
ਹਮ = ਅਸੀ (ਉਸੇ ਦੀ ਹੀ ਅੰਸ਼-) ਜੀਵ ।
ਕੜਿਆ = ਚਿੰਤਾ = ਫ਼ਿਕਰ ਕਰਦੇ ।
ਨਿਰਧਨੁ = ਕੰਗਾਲ ।੧ ।
ਮਾਰਨਵਾਰਾ = ਮਾਰਨ ਦੀ ਸਮਰੱਥਾ ਵਾਲਾ ।
ਜੀਅਉ = ਜੀਊਂਦਾ ਰਹੇ ।
ਜੀਉ ਦੇਨਹਾਰਾ = ਜਿੰਦ ਦੇਣ ਵਾਲਾ ।੧।ਰਹਾਉ ।
ਧਾਧੇ = ਧੰਧਿਆਂ ਵਿਚ ਗ੍ਰਸੇ ਹੋਏ ।
ਕੇਲਾ = ਖ਼ੁਸ਼ੀਆਂ ।੨ ।
ਸੋਚੁ = ਚਿੰਤਾ = ਫ਼ਿਕਰ ।
ਪੋਚਾ = ਮਾਇਆ ਦਾ ਪ੍ਰਭਾਵ ।
ਜਚਨਾ = ਪੂਜਣ = ਜੋਗ, ਸੁੱਧ ।੩ ।
ਆਗੈ ਪਾਛੈ = ਲੋਕ ਪਰਲੋਕ ਵਿਚ ।
ਗੁਰਿ = ਗੁਰੂ ਨੇ ।
ਭੰਗਾ = ਵਿਘਨ ।
ਓਇ = ਉਸ ਵਿਚ ।੪ ।
    
Sahib Singh
(ਹੇ ਭਾਈ!) ਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ, ਤੇ) ਉਸ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ ।੧।ਰਹਾਉ।(ਹੇ ਭਾਈ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ ।
ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ) ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ ।
ਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ।
ਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ ।
ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ ।੧ ।
ਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ ।
ਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ ।
(ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ ।
ਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀ ਭੀ ਸਦਾ ਖਿੜੇ ਹੀ ਰਹੀਏ ।੨ ।
(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ ।
ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ ?
ਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ ।
ਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ ।੩ ।
(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ ।
ਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ ।
ਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ), ਤਦੋਂ ਅਸੀ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ ।੪।੩੨।੮੩ ।
Follow us on Twitter Facebook Tumblr Reddit Instagram Youtube