ਆਸਾ ਮਹਲਾ ੫ ਦੁਤੁਕੇ ੯ ॥
ਉਨ ਕੈ ਸੰਗਿ ਤੂ ਕਰਤੀ ਕੇਲ ॥
ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥
ਉਨ੍ਹ ਕੈ ਸੰਗਿ ਤੁਮ ਸਭੁ ਕੋਊ ਲੋਰੈ ॥
ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥

ਤੇ ਬੈਰਾਗੀ ਕਹਾ ਸਮਾਏ ॥
ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥

ਉਨ੍ਹ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥
ਉਨ੍ਹ ਕੈ ਸੰਗਿ ਤੂ ਹੋਈ ਹੈ ਜਾਹਰਿ ॥
ਉਨ੍ਹ ਕੈ ਸੰਗਿ ਤੂ ਰਖੀ ਪਪੋਲਿ ॥
ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥

ਉਨ੍ਹ ਕੈ ਸੰਗਿ ਤੇਰਾ ਮਾਨੁ ਮਹਤੁ ॥
ਉਨ੍ਹ ਕੈ ਸੰਗਿ ਤੁਮ ਸਾਕੁ ਜਗਤੁ ॥
ਉਨ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥
ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥

ਓਹੁ ਬੈਰਾਗੀ ਮਰੈ ਨ ਜਾਇ ॥
ਹੁਕਮੇ ਬਾਧਾ ਕਾਰ ਕਮਾਇ ॥
ਜੋੜਿ ਵਿਛੋੜੇ ਨਾਨਕ ਥਾਪਿ ॥
ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥

Sahib Singh
ਉਨ ਕੈ ਸੰਗਿ = ਉਸ ਜੀਵਾਤਮਾ ਦੀ ਸੰਗਤਿ ਵਿਚ ।
ਕੇਲ = ਚੋਜ = ਤਮਾਸ਼ੇ ।
ਹਮ ਤੁਮ ਸੰਗਿ = ਸਭਨਾਂ ਨਾਲ ।
ਲੋਰੈ = ਲੋੜਦਾ ਹੈ, ਮਿਲਣਾ ਚਾਹੁੰਦਾ ਹੈ ।
ਸਭ ਕੋਊ = ਹਰ ਕੋਈ ।
ਜੋਰੈ = ਜੋੜਦਾ ।੧ ।
ਤੇ ਬੈਰਾਗੀ = ਉਹ ਜੀਵਾਤਮਾ ਪੰਛੀ ।
ਦੁਹੇਰੀ = ਦੁੱਖੀ ।
ਰੀ = ਹੇ ਕਾਇਆਂ !
    ।੧।ਰਹਾਉ ।
ਮਾਹਰਿ = ਸਿਆਣੀ ।
ਪਪੋਲਿ = ਪਾਲ ਕੇ ।
ਤੂੰ = ਤੈਨੂੰ ।
ਰੋਲਿ = ਰੁਲ ਗਈ ।
ਛੁਟਕੀ = ਛੁੱਟੜ ।੨ ।
ਮਹਤੁ = ਵਡਿਆਈ ।
ਸਭ ਬਿਧਿ = ਹਰੇਕ ਤਰੀਕੇ ਨਾਲ ।
ਤੇਰੀ ਥਾਟੀ = ਤੇਰੀ ਬਣਤਰ ਕਾਇਮ ਰੱਖੀ ਜਾਂਦੀ ਹੈ, ਤੇਰੀ ਹਰ ਤ੍ਰਹਾਂ ਪਾਲਣਾ ਕੀਤੀ ਜਾਂਦੀ ਹੈ ।੩ ।
ਬੈਰਾਗੀ = ਚਲੇ ਜਾਣ ਵਾਲਾ ਜੀਵਾਤਮਾ ।
ਜੋੜਿ = ਜੋੜ ਕੇ ।
ਥਾਪਿ = ਥਾਪ ਕੇ ।੪ ।
    
Sahib Singh
ਹੇ ਕਾਂਇਆਂ! ਉਸ (ਜੀਵਾਤਮਾ) ਤੋਂ ਬਿਨਾ ਤੂੰ ਦੁੱਖੀ ਹੋ ਜਾਂਦੀ ਹੈਂ ।
ਪਤਾ ਨਹੀਂ ਲੱਗਦਾ ਉਹ ਜੀਵਾਤਮਾ ਤੈਥੋਂ ਉਪਰਾਮ ਹੋ ਕੇ ਕਿੱਥੇ ਚਲਾ ਜਾਂਦਾ ਹੈ ।੧।ਰਹਾਉ ।
ਹੇ ਕਾਂਇਆਂ! ਜੀਵਾਤਮਾ ਦੀ ਸੰਗਤਿ ਵਿਚ ਰਹਿ ਕੇ ਤੂੰ (ਕਈ ਤ੍ਰਹਾਂ ਦੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈਂ, ਸਭਨਾਂ ਨਾਲ ਤੇਰਾ ਮੇਲ-ਮਿਲਾਪ ਬਣਿਆ ਰਹਿੰਦਾ ਹੈ, ਹਰ ਕੋਈ ਤੈਨੂੰ ਮਿਲਣਾ ਚਾਹੁੰਦਾ ਹੈ ਪਰ ਉਸ ਜੀਵਾਤਮਾ ਦੇ ਮਿਲਾਪ ਤੋਂ ਬਿਨਾ ਤੈਨੂੰ ਕੋਈ ਮੂੰਹ ਨਹੀਂ ਲਾਂਦਾ ।੧।ਹੇ ਕਾਂਇਆਂ! ਜਿਤਨਾ ਚਿਰ ਤੂੰ ਜੀਵਾਤਮਾ ਦੇ ਨਾਲ ਸੈਂ ਤੂੰ ਸਿਆਣੀ (ਸਮਝੀ ਜਾਂਦੀ ਹੈ, ਹਰ ਥਾਂ) ਤੂੰ ਉਜਾਗਰ ਹੁੰਦੀ ਹੈਂ, ਤੈਨੂੰ ਪਾਲ-ਪੋਸ ਕੇ ਰੱਖੀਦਾ ਹੈ ।
ਪਰ ਜਦੋਂ ਉਹ ਜੀਵਾਤਮਾ ਚਲਾ ਜਾਂਦਾ ਹੈ ਤਾਂ ਤੂੰ ਛੁੱਟੜ ਹੋ ਜਾਂਦੀ ਹੈਂ ਰੁਲ ਜਾਂਦੀ ਹੈਂ ।੨ ।
ਹੇ ਕਾਂਇਆਂ! ਜੀਵਾਤਮਾ ਦੇ ਨਾਲ ਹੁੰਦਿਆਂ ਤੇਰਾ ਆਦਰ-ਮਾਣ ਹੁੰਦਾ ਹੈ ਤੈਨੂੰ ਵਡਿਆਈ ਮਿਲਦੀ ਹੈ, ਸਾਰਾ ਜਗਤ ਤੇਰਾ ਸਾਕ-ਸਨਬੰਧੀ ਜਾਪਦਾ ਹੈ, ਤੇਰੀ ਹਰ ਤ੍ਰਹਾਂ ਪਾਲਣਾ ਕੀਤੀ ਜਾਂਦੀ ਹੈ ।
ਪਰ ਜਦੋਂ ਉਸ ਜੀਵਾਤਮਾ ਤੋਂ ਤੂੰ ਵਿਛੁੜ ਜਾਂਦੀ ਹੈਂ ਤਦੋਂ ਤੂੰ ਮਿੱਟੀ ਵਿਚ ਰੁਲ ਜਾਂਦੀ ਹੈਂ ।੩ ।
ਹੇ ਨਾਨਕ! (ਆਖ—ਜੀਵਾਤਮਾ ਦੇ ਕੀਹ ਵੱਸ ?
ਪਰਮਾਤਮਾ) ਮਨੁੱਖ ਸਰੀਰ ਬਣਾ ਕੇ (ਜੀਵਾਤਮਾ ਤੇ ਕਾਂਇਆਂ ਦਾ ਜੋੜ ਜੋੜਦਾ ਹੈ) ਜੋੜ ਕੇ ਫਿਰ ਵਿਛੋੜ ਵੀ ਦੇਂਦਾ ਹੈ ।
ਕਾਂਇਆਂ ਵਿਚੋਂ ਉਪਰਾਮ ਹੋ ਕੇ ਤੁਰ ਜਾਣ ਵਾਲਾ ਜੀਵਾਤਮਾ (ਆਪਣੇ ਆਪ) ਨਾਹ ਮਰਦਾ ਹੈ ਨਾਹ ਜੰਮਦਾ (ਉਹ ਤਾਂ ਪਰਮਾਤਮਾ ਦੇ) ਹੁਕਮ ਵਿਚ ਬੱਝਾ ਹੋਇਆ (ਕਾਂਇਆਂ ਵਿਚ ਆਉਣ ਤੇ ਫਿਰ ਇਸ ਵਿਚੋਂ ਚਲੇ ਜਾਣ ਦੀ) ਕਾਰ ਕਰਦਾ ਹੈ ।(ਜੀਵਾਤਮਾ ਤੇ ਕਾਂਇਆਂ ਨੂੰ ਜੋੜਨ ਵਿਛੋੜਨ ਦੀ) ਆਪਣੀ ਅਜਬ ਖੇਡ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ ।੪।੩੧।੮੨ ।

ਨੋਟ: ਦੁਤੁਕੇ ੯ ।
ਇਸ ਸ਼ਬਦ ਤੋਂ ਲੈ ਕੇ ਸ਼ਬਦ ਨੰ: ੯੦ ਤਕ ੯ ਐਸੇ ਸ਼ਬਦ ਹਨ ਜਿਨ੍ਹਾਂ ਦੇ ਹਰੇਕ ਬੰਦ ਵਿਚ ਦੋ ਦੋ ਤੁਕਾਂ ਹਨ ।
Follow us on Twitter Facebook Tumblr Reddit Instagram Youtube