ਆਸਾ ਮਹਲਾ ੫ ॥
ਅਨਦਿਨੁ ਮੂਸਾ ਲਾਜੁ ਟੁਕਾਈ ॥
ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥

ਸੋਚਤ ਸਾਚਤ ਰੈਨਿ ਬਿਹਾਨੀ ॥
ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥

ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥
ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥

ਬਾਲੂ ਕਨਾਰਾ ਤਰੰਗ ਮੁਖਿ ਆਇਆ ॥
ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥

ਸਾਧਸੰਗਿ ਜਪਿਓ ਹਰਿ ਰਾਇ ॥
ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥

Sahib Singh
ਅਨਦਿਨੁ = ਹਰ ਰੋਜ਼ ।
ਮੂਸਾ = ਚੂਹਾ ।
ਲਾਜੁ = ਲੱਜ ।
ਕੂਪ = ਖੂਹ ।
ਖਾਹਿ = ਤੂੰ ਖਾਂਦਾ ਹੈਂ ।੧ ।
ਸੋਚਤ ਸਾਚਤ = ਚਿੰਤਾ = ਫ਼ਿਕਰ ਕਰਦਿਆਂ ।
ਰੈਨਿ = (ਜ਼ਿੰਦਗੀ ਦੀ) ਰਾਤ ।
ਸਾਰਿੰਗਪਾਨੀ = {ਸਾਰਿੰਗ—ਧਨੁਖ ।
ਪਾਨੀ = ਹੱਥ ।
    ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ ।੧।ਰਹਾਉ ।
ਦ੍ਰüਮ = ਰੁੱਖ ।
ਛਾਇਆ = ਛਾਂ ।
ਨਿਹਚਲ = ਨਾਹ ਹਿੱਲਣ ਵਾਲਾ, ਪੱਕਾ ।
ਗਿ੍ਰਹੁ = ਘਰ ।
ਕੈ ਫਾਂਸਿ = ਦੀ ਫਾਹੀ ਵਿਚ ।
ਸਕਤ = ਤਕੜਾ ।
ਸਰੁ = ਤੀਰ ।
ਸਾਂਧਿਅ = ਕੱਸਿਆ ਹੋਇਆ ।੨ ।
ਬਾਲੂ = ਰੇਤ ।
ਤਰੰਗ = ਲਹਰਾਂ ।
ਮੁਖਿ = ਮੂੰਹ ਵਿਚ ।
ਮੂੜਿ = ਮੂਰਖ ਨੇ ।੩ ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ।
ਗਾਇ = ਗਾ ਕੇ ।੪ ।
    
Sahib Singh
ਮਾਇਆ ਦੀਆਂ ਸੋਚਾਂ ਸੋਚਦਿਆਂ ਹੀ ਮਨੁੱਖ ਦੀ (ਜ਼ਿੰਦਗੀ ਦੀ ਸਾਰੀ) ਰਾਤ ਬੀਤ ਜਾਂਦੀ ਹੈ, ਮਨੁੱਖ ਮਾਇਆ ਦੇ ਹੀ ਅਨੇਕਾਂ ਰੰਗ ਤਮਾਸ਼ੇ ਸੋਚਦਾ ਰਹਿੰਦਾ ਹੈ ਤੇ ਪਰਮਾਤਮਾ ਨੂੰ ਕਦੇ ਭੀ ਨਹੀਂ ਸਿਮਰਦਾ ।੧।ਰਹਾਉ ।
(ਹੇ ਭਾਈ! ਤੂੰ ਮਾਇਆ ਦੇ ਮੋਹ ਦੇ ਖੂਹ ਵਿਚ ਲਮਕਿਆ ਪਿਆ ਹੈਂ, ਜਿਸ ਲੱਜ ਦੇ ਆਸਰੇ ਤੂੰ ਲਮਕਿਆਹੋਇਆ ਹੈਂ ਉਸ) ਲੱਜ ਨੂੰ ਹਰ ਰੋਜ਼ ਚੂਹਾ ਟੁੱਕ ਰਿਹਾ ਹੈ (ਉਮਰ ਦੀ ਲੱਜ ਨੂੰ ਜਮ-ਚੂਹਾ ਟੁੱਕਦਾ ਜਾ ਰਿਹਾ ਹੈ, ਪਰ) ਤੂੰ ਖੂਹ ਵਿਚ ਡਿੱਗਾ ਹੋਇਆ ਭੀ ਮਠਿਆਈ ਖਾਈ ਜਾ ਰਿਹਾ ਹੈਂ (ਦੁਨੀਆ ਦੇ ਪਦਾਰਥ ਮਾਣਨ ਵਿਚ ਰੁੱਝਾ ਪਿਆ ਹੈਂ) ।੧ ।
(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਇਤਨਾ ਮੂਰਖ ਹੋ ਜਾਂਦਾ ਹੈ ਕਿ) ਰੁੱਖ ਦੀ ਛਾਂ ਨੂੰ ਪੱਕਾ ਘਰ ਮੰਨ ਬੈਠਦਾ ਹੈ, ਮਨੁੱਖ ਕਾਲ (ਆਤਮਕ ਮੌਤ) ਦੀ ਫਾਹੀ ਵਿਚ ਫਸਿਆ ਹੋਇਆ ਹੈ ਉਤੋਂ ਮਾਇਆ ਨੇ ਤਿ੍ਰੱਖਾ (ਮੋਹ ਦਾ) ਤੀਰ ਕੱਸਿਆ ਹੋਇਆ ਹੈ ।੨ ।
(ਇਹ ਜਗਤ-ਵਾਸਾ, ਮਾਨੋ,) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ (ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ।੩ ।
ਹੇ ਨਾਨਕ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ-ਪਾਤਿਸ਼ਾਹ ਦਾ ਜਾਪ ਜਪਿਆ ਹੈ ਉਹ ਪਰਮਾਤਮਾ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਹਾਸਲ ਕਰਦਾ ਹੈ ।੪।੩੦।੮੧ ।
Follow us on Twitter Facebook Tumblr Reddit Instagram Youtube