ਆਸਾ ਮਹਲਾ ੫ ॥
ਠਾਕੁਰ ਸਿਉ ਜਾ ਕੀ ਬਨਿ ਆਈ ॥
ਭੋਜਨ ਪੂਰਨ ਰਹੇ ਅਘਾਈ ॥੧॥

ਕਛੂ ਨ ਥੋਰਾ ਹਰਿ ਭਗਤਨ ਕਉ ॥
ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥

ਜਾ ਕਾ ਧਨੀ ਅਗਮ ਗੁਸਾਈ ॥
ਮਾਨੁਖ ਕੀ ਕਹੁ ਕੇਤ ਚਲਾਈ ॥੨॥

ਜਾ ਕੀ ਸੇਵਾ ਦਸ ਅਸਟ ਸਿਧਾਈ ॥
ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥

ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥
ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥

Sahib Singh
ਸਿਉ = ਨਾਲ ।
ਭੋਜਨ ਪੂਰਨ = ਅਮੁੱਕ ਨਾਮ = ਭੋਜਨ ਦੀ ਬਰਕਤਿ ਨਾਲ ।
ਅਘਾਈ ਰਹੇ = ਅਘਾਇ ਰਹੇ, ਰੱਜਿਆ ਰਹਿੰਦਾ ਹੈ ।੧ ।
ਥੋਰਾ = ਥੋੜਾ ।
ਕਉ = ਨੂੰ ।
ਬਿਲਛਤ = ਆਨੰਦ ਮਾਣਦੇ ।
ਦੇਵਨ ਕਉ = ਹੋਰਨਾਂ ਨੂੰ ਦੇਣ ਲਈ ।੧।ਰਹਾਉ ।
ਧਨੀ = ਮਾਲਕ ।
ਅਗਮ = ਅਪਹੁੰਚ ।
ਗੁਸਾਈ = ਖਸਮ ।
ਕੇਤ ਚਲਾਈ = ਕਿਤਨੀ ਕੁ ਪੇਸ਼ ਜਾ ਸਕਦੀ ਹੈ ?
    ।੨ ।
ਦਸ ਅਸਟ = ਦਸ ਤੇ ਅੱਠ, ਅਠਾਰਾਂ ।
ਸਿਧਾਈ = ਸਿੱਧੀਆਂ ।
ਦਿਸਟਿ = ਨਿਗਾਹ ।
ਪਾਈ = ਪੈਰੀਂ ।੩ ।
ਸੁਆਮੀ = ਹੇ ਸੁਆਮੀ !
ਕਾਮੀ = ਕਮੀ ।੪ ।
    
Sahib Singh
(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ, ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ ।੧।ਰਹਾਉ ।
(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ।੧ ।
ਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ (ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ ।੨ ।
(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਜਿਸ ਦੀ ਮੇਹਰ ਦੀ ਨਿਗਾਹ ਨਾਲ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ ਸਦਾ ਉਸ ਦੀ ਚਰਨੀਂ ਲੱਗੇ ਰਹੋ ।੩ ।
ਹੇ ਨਾਨਕ! ਆਖ—ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ।੪।੨੮।੭੯ ।
Follow us on Twitter Facebook Tumblr Reddit Instagram Youtube