ਆਸਾ ਮਹਲਾ ੫ ॥
ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥
ਭੋਰੁ ਭਇਆ ਬਹੁਰਿ ਪਛੁਤਾਨੀ ॥੧॥

ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥
ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥

ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥
ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥

ਸਾਦਿ ਮੋਹਿ ਲਾਦੀ ਅਹੰਕਾਰੇ ॥
ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥

ਸਾਧਸੰਗਿ ਮਿਟੇ ਭਰਮ ਅੰਧਾਰੇ ॥
ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥

Sahib Singh
ਸੋਇ ਰਹੀ = (ਉਮਰ ਦੀ ਸਾਰੀ ਰਾਤ) ਸੁੱਤੀ ਰਹੀ, ਸਾਰੀ ਉਮਰ ਆਤਮਕ ਜੀਵਨ ਵਲੋਂ ਬੇ-ਪਰਵਾਹੀ ਟਿਕੀ ਰਹੀ ।
ਭੋਰੁ = ਦਿਨ, ਉਮਰ = ਰਾਤ ਦਾ ਅੰਤ, ਮੌਤ ਦਾ ਸਮਾ ।
ਬਹੁਰਿ = ਮੁੜ, ਫਿਰ, ਤਦੋਂ ।੧ ।
ਸਹਜਿ = ਆਤਮਕ ਅਡੋਲਤਾ ਵਿਚ ।
ਪਿ੍ਰਅ ਪ੍ਰੇਮ = ਪਿਆਰੇ ਦੇ ਪ੍ਰੇਮ (ਦੀ ਬਰਕਤਿ ਨਾਲ) ।
ਮਨਿ = ਮਨ ਵਿਚ ।
ਅਨਦੁ = ਆਨੰਦ ।
ਧਰਉ = ਧਰਉਂ, ਮੈਂ ਟਿਕਾਈ ਰੱਖਦੀ ਹਾਂ ।
ਰੀ = ਹੇ ਸਖੀ !
ਮਿਲਬੇ ਕੀ = ਮਿਲਣ ਦੀ ।
ਲਾਲਸਾ = ਤਾਂਘ ।
ਤਾ ਤੇ = ਇਸ ਕਰਕੇ ।
ਕਹਾ ਕਰਉ = ਮੈਂ ਕਿਥੇ ਕਰ ਸਕਦੀ ਹਾਂ ?
    ।੧।ਰਹਾਉ ।
ਕਰ ਮਹਿ = ਹੱਥਾਂ ਵਿਚ ।
ਆਣਿ = ਲਿਆ ਕੇ ।
ਨਿਸਾਰਿਓ = ਪਾ ਦਿੱਤਾ, ਵਗਾ ਦਿੱਤਾ ।
ਖਿਸਰਿ ਗਇਓ = ਡੁੱਲ੍ਹ ਗਿਆ ।
ਭੂਮ ਪਰਿ = ਧਰਤੀ ਉਤੇ, ਮਿੱਟੀ ਵਿਚ ।੨ ।
ਸਾਦਿ = ਸੁਆਦ ਵਿਚ ।
ਮੋਹਿ = ਮੋਹ ਵਿਚ, ਮੋਹ ਦੇ ਭਾਰ ਹੇਠ ।
ਲਾਦੀ = ਲੱਦੀ ਰਹੀ, ਦੱਬੀ ਰਹੀ ।
ਅਹੰਕਾਰੇ = ਅਹੰਕਾਰਿ, ਅਹੰਕਾਰ ਦੇ ਭਾਰ ਹੇਠ ।੩ ।
ਸਾਧ ਸੰਗਿ = ਸਾਧ ਸੰਗਤਿ ਵਿਚ ।
ਅੰਧਾਰੇ = ਹਨੇਰੇ ।
ਸਿਰਜਣਹਾਰੇ = ਸਿਰਜਣ = ਹਾਰਿ, ਸਿਰਜਣਹਾਰ ਨੇ ।੪ ।
    
Sahib Singh
ਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ ।
ਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ ।੧।ਰਹਾਉ ।
ਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ ।
ਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ।੧ ।
ਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮਿ੍ਰਤ ਪੀਣ ਦਾ ਮੌਕਾ ਦਿੱਤਾ ਸੀ ।
ਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮਿ੍ਰਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ ।੨ ।
ਹੇ ਸਖੀ! (ਜੀਵ-ਇਸਤ੍ਰੀ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ, (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈ ।੩ ।
ਹੇ ਨਾਨਕ! ਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ, ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।੪।੨੫।੭੬ ।
Follow us on Twitter Facebook Tumblr Reddit Instagram Youtube