ਆਸਾ ਮਹਲਾ ੫ ॥
ਰੋਵਨਹਾਰੈ ਝੂਠੁ ਕਮਾਨਾ ॥
ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥

ਕੋ ਮੂਆ ਕਾ ਕੈ ਘਰਿ ਗਾਵਨੁ ॥
ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥

ਬਾਲ ਬਿਵਸਥਾ ਤੇ ਬਿਰਧਾਨਾ ॥
ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥
ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥

ਕਹੁ ਨਾਨਕ ਜੋ ਲਾਇਆ ਨਾਮ ॥
ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥

Sahib Singh
ਰੋਵਨਹਾਰੈ = ਰੋਣ ਵਾਲੇ ਨੇ ।
ਝੂਠੁ ਕਮਾਨਾ = ਝੂਠ = ਮੂਠ ਹੀ ਰੋਣ ਦਾ ਕੰਮ ਕੀਤਾ, ਝੂਠਾ ਰੋਂਦਾ ਹੈ, ਆਪਣੇ ਸੁਆਰਥ ਦੀ ਖ਼ਾਤਰ ਰੋਂਦਾ ਹੈ ।
ਹਸਿ = ਹੱਸ ਕੇ ।
ਸੋਗੁ = (ਕਿਸੇ ਦੀ ਮੌਤ ਉੱਤੇ) ਅਫ਼ਸੋਸ ।
ਬੇਗਾਨਾ = ਓਪਰਾ ਮਨੁੱਖ ।੧ ।
ਕੋ = ਕੋਈ ਮਨੁਖ ।
ਮੂਆ = ਮਰਿਆ, ਮਰਦਾ ਹੈ ।
ਕਾ ਕੈ ਘਰਿ = ਕਿਸੇ ਦਾ ਘਰ ਵਿਚ ।
ਗਾਵਨੁ = ਗਾਉਣਾ, ਖ਼ੁਸ਼ੀ ਆਦਿਕ ਦੇ ਕਾਰਨ ਗਾਉਣਾ ।
ਹਸਿ ਹਸਿ ਪਾਵਨੁ = ਹੱਸ ਹੱਸ ਪੈਂਦਾ ਹੈ ।੧।ਰਹਾਉ ।
ਤੇ = ਤੋਂ (ਸ਼ੁਰੂ ਕਰ ਕੇ) ।
ਪਹੁਚਿ ਨ ਮੂਕਾ = ਅਜੇ ਪਹੁੰਚਾ ਭੀ ਨਹੀਂ, ਅਜੇ ਮਸਾਂ ਪਹੁੰਚਦਾ ਹੀ ਹੈ ।੨ ।
ਵਰਤੈ = ਦੌੜ = ਭੱਜ ਕਰ ਰਿਹਾ ਹੈ ।
ਫਿਰਿ ਫਿਰਿ = ਮੁੜ ਮੁੜ ।
ਅਉਤਾਰਾ = ਜਨਮ ।੩ ।
ਜੋ = ਜਿਸ ਮਨੁੱਖ ਨੂੰ ।
ਸਫਲ = ਕਾਮਯਾਬ ।
ਪਰਵਾਨ = ਕਬੂਲ ।੪ ।
    
Sahib Singh
(ਹੇ ਭਾਈ!) ਜਗਤ ਵਿਚ ਸੁਖ ਦੁਖ ਦਾ ਚੱਕਰ ਚਲਦਾ ਹੀ ਰਹਿੰਦਾ ਹੈ, ਜਿੱਥੇ ਕੋਈ ਮਰਦਾ ਹੈ (ਉੱਥੇ ਰੋਣ-ਪਿੱਟਣ ਹੋ ਰਿਹਾ ਹੈ), ਤੇ ਕਿਸੇ ਦੇ ਘਰ ਵਿਚ (ਕਿਸੇ ਖ਼ੁਸ਼ੀ ਆਦਿਕ ਦੇ ਕਾਰਨ) ਗਾਉਣ ਹੋ ਰਿਹਾ ਹੈ ।
ਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ ।੧।ਰਹਾਉ ।
(ਹੇ ਭਾਈ! ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ) ਰੋਣ ਵਾਲਾ ਭੀ (ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤ੍ਰਹਾਂ) ਝੂਠਾ ਰੋਣ ਹੀ ਰੋਂਦਾ ਹੈ ।
ਜੇਹੜਾ ਕੋਈ ਓਪਰਾ ਮਨੁੱਖ (ਉਸ ਦੇ ਮਰਨ ਤੇ ਅਫ਼ਸੋਸ ਕਰਨ ਆਉਂਦਾ ਹੈ ਉਹ) ਹੱਸ ਹੱਸ ਕੇ ਅਫ਼ਸੋਸ ਕਰਦਾ ਹੈ ।੧ ।
ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤਕ (ਮਨੁੱਖ ਅਗਾਂਹ ਅਗਾਂਹ ਆਉਣ ਵਾਲੀ ਉਮਰ ਵਿਚ ਸੁਖ ਦੀ ਆਸ ਧਾਰਦਾ ਹੈ, ਪਰ ਅਗਲੀ ਅਵਸਥਾ ਤੇ) ਮਸਾਂ ਪਹੁੰਚਦਾ ਹੀ ਹੈ (ਕਿ ਉਥੇ ਹੀ ਦੁੱਖ ਭੀ ਵੇਖ ਕੇ ਸੁਖ ਦੀ ਆਸਲਾਹ ਬੈਠਦਾ ਹੈ, ਤੇ) ਫਿਰ ਪਛਤਾਂਦਾ ਹੈ (ਕਿ ਆਸਾਂ ਐਵੇਂ ਹੀ ਬਣਾਂਦਾ ਰਿਹਾ) ।੨ ।
(ਹੇ ਭਾਈ!) ਜਗਤ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ ਹੀ ਦੌੜ-ਭੱਜ ਕਰ ਰਿਹਾ ਹੈ ਤੇ ਮੁੜ ਮੁੜ (ਕਦੇ) ਨਰਕਾਂ (ਦੁੱਖਾਂ) ਵਿਚ (ਕਦੇ) ਸੁਰਗ (ਸੁਖਾਂ) ਵਿਚ ਪੈਂਦਾ ਹੈ (ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ) ।੩ ।
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿਚ ਜੋੜਦਾ ਹੈ ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ ।੪।੨੪।੭੫ ।
Follow us on Twitter Facebook Tumblr Reddit Instagram Youtube