ਆਸਾ ਮਹਲਾ ੫ ॥
ਹਰਿ ਹਰਿ ਅਖਰ ਦੁਇ ਇਹ ਮਾਲਾ ॥
ਜਪਤ ਜਪਤ ਭਏ ਦੀਨ ਦਇਆਲਾ ॥੧॥

ਕਰਉ ਬੇਨਤੀ ਸਤਿਗੁਰ ਅਪੁਨੀ ॥
ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥

ਹਰਿ ਮਾਲਾ ਉਰ ਅੰਤਰਿ ਧਾਰੈ ॥
ਜਨਮ ਮਰਣ ਕਾ ਦੂਖੁ ਨਿਵਾਰੈ ॥੨॥

ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥

ਕਹੁ ਨਾਨਕ ਜੋ ਰਾਚੈ ਨਾਇ ॥
ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥

Sahib Singh
ਅਖਰ ਦੁਇ = ਦੋਵੇਂ ਲਫ਼ਜ਼ (ਹਰਿ ਹਰਿ) ।
ਜਪਤ = ਜਪਦਿਆਂ ।
ਦੀਨ = ਦੀਨਾਂ ਉਤੇ, ਕੰਗਾਲਾਂ ਉਤੇ ।੧ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਸਤਿਗੁਰ = ਹੇ ਸਤਿਗੁਰ !
ਮੋ ਕਉ = ਮੈਨੂੰ ।
ਜਪਨੀ = ਮਾਲਾ ।੧।ਰਹਾਉ ।
ਉਰ = ਹਿਰਦਾ ।
ਅੰਤਰਿ = ਅੰਦਰ ।
ਧਾਰੈ = ਟਿਕਾਈ ਰੱਖਦਾ ਹੈ ।
ਨਿਵਾਰੈ = ਦੂਰ ਕਰ ਲੈਂਦਾ ਹੈ ।੨ ।
ਸਮ@ਾਲੇ = ਸਾਂਭ ਕੇ ਰੱਖਦਾ ਹੈ ।
ਮੁਖਿ = ਮੂੰਹ ਨਾਲ ।
ਇਤ ਉਤ = ਲੋਕ ਪਰਲੋਕ ਵਿਚ ।
ਕਤਹਿ = ਕਿਤੇ ਭੀ ।੩ ।
ਨਾਇ = ਨਾਮ ਵਿਚ ।
ਸੰਗਿ = ਨਾਲ ।੪ ।
    
Sahib Singh
ਹੇ ਸਤਿਗੁਰੂ! ਮੈਂ ਤੇਰੇ ਅੱਗੇ ਆਪਣੀ ਇਹ ਅਰਜ਼ ਕਰਦਾ ਹਾਂ ਕਿ ਕਿਰਪਾ ਕਰ ਕੇ ਮੈਨੂੰ ਆਪਣੀ ਸਰਨ ਵਿਚ ਰੱਖ ਤੇ ਮੈਨੂੰ ‘ਹਰਿ ਹਰਿ’ ਨਾਮ ਦੀ ਮਾਲਾ ਦੇਹ ।੧।ਰਹਾਉ ।
(ਹੇ ਭਾਈ! ਮੇਰੇ ਪਾਸ ਤਾਂ) ‘ਹਰਿ ਹਰਿ’—ਇਹ ਦੋ ਲਫ਼ਜ਼ਾਂ ਦੀ ਮਾਲਾ ਹੈ, ਇਸ ਹਰਿ-ਨਾਮ-ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਭੀ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ।੧ ।
ਜੇਹੜਾ ਮਨੁੱਖ ਹਰਿ-ਨਾਮ ਦੀ ਮਾਲਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਦਾ ਹੈ, ਉਹ ਆਪਣੇ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਕਰ ਲੈਂਦਾ ਹੈ ।੨ ।
ਜੇਹੜਾ ਮਨੁੱਖ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ ਤੇ ਮੂੰਹ ਨਾਲ ਹਰਿ-ਹਰਿ ਨਾਮ ਉਚਾਰਦਾ ਰਹਿੰਦਾ ਹੈ ਉਹ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ ਕਿਤੇ ਭੀ (ਕਿਸੇ ਗੱਲੇ ਭੀ) ਨਹੀਂ ਡੋਲਦਾ ।੩ ।
ਹੇ ਨਾਨਕ! ਆਖ—ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੀ ਮਾਲਾ ਉਸ ਦੇ ਨਾਲ (ਪਰਲੋਕ ਵਿਚ ਭੀ) ਜਾਂਦੀ ਹੈ ।੪।੧੯।੭੦ ।
Follow us on Twitter Facebook Tumblr Reddit Instagram Youtube