ਆਸਾ ਮਹਲਾ ੫ ॥
ਉਕਤਿ ਸਿਆਨਪ ਕਿਛੂ ਨ ਜਾਨਾ ॥
ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥

ਮੈ ਨਿਰਗੁਨ ਗੁਣੁ ਨਾਹੀ ਕੋਇ ॥
ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥

ਮੂਰਖ ਮੁਗਧ ਅਗਿਆਨ ਅਵੀਚਾਰੀ ॥
ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥

ਜਪੁ ਤਪੁ ਸੰਜਮੁ ਕਰਮ ਨ ਸਾਧਾ ॥
ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥

ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥
ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥

Sahib Singh
ਉਕਤਿ = ਯੁਕਤਿ, ਦਲੀਲ ।
ਕਿਛੂ = ਕੁਝ ਭੀ ।
ਰੈਣੀ = ਰਾਤ ।
ਵਖਾਨਾ = ਮੈਂ ਉਚਾਰਦਾ ਹਾਂ ।੧ ।
ਨਿਰਗੁਨ = ਗੁਣ = ਹੀਨ ।
ਕਰਨਹਾਰ = (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਕਰਨ ਦੀ ਤਾਕਤ ਰੱਖਣ ਵਾਲਾ ।
ਕਰਾਵਨਹਾਰ = (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ।
ਪ੍ਰਭ = ਹੇ ਪ੍ਰਭੂ !
    ।੧।ਰਹਾਉ ।
ਮੁਗਧ = ਬੇ = ਵਕੂਫ਼ ।
ਅਗਿਆਨ = ਗਿਆਨ = ਹੀਣ ।
ਅਵੀਚਾਰੀ = ਬੇ = ਸਮਝ, ਵਿਚਾਰ ਦੀ ਗੱਲ ਨਾਹ ਕਰ ਸਕਣ ਵਾਲਾ ।
ਮਨਿ = ਮਨ ਵਿਚ ।੨ ।
ਸਾਧਾ = ਅੱਭਿਆਸ ਕੀਤਾ ।
ਮਨਹਿ = ਮਨ ਵਿਚ ।
ਸੰਜਮੁ = ਇੰਦਿ੍ਰਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ ।੩ ।
ਥੋਰੀ = ਥੋੜੀ ।
ਬਿਨਵਤਿ = ਬੇਨਤੀ ਕਰਦਾ ਹੈ ।
ਤੋਰੀ = ਤੇਰੀ ।੪ ।
    
Sahib Singh
ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ, ਪਰ) ਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ।੧।ਰਹਾਉ ।
ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ (ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ, ਪਰ ਤੇਰੀ ਹੀ ਮੇਹਰ ਨਾਲ) ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ ।੧ ।
ਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ), ਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ।੨।ਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ) ਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ ।੩ ।
ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ, ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ ।੪।੧੮।੬੯ ।
Follow us on Twitter Facebook Tumblr Reddit Instagram Youtube