ਆਸਾ ਮਹਲਾ ੫ ॥
ਮਿਟੀ ਤਿਆਸ ਅਗਿਆਨ ਅੰਧੇਰੇ ॥
ਸਾਧ ਸੇਵਾ ਅਘ ਕਟੇ ਘਨੇਰੇ ॥੧॥

ਸੂਖ ਸਹਜ ਆਨੰਦੁ ਘਨਾ ॥
ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥

ਬਿਨਸਿਓ ਮਨ ਕਾ ਮੂਰਖੁ ਢੀਠਾ ॥
ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥

ਗੁਰ ਪੂਰੇ ਕੇ ਚਰਣ ਗਹੇ ॥
ਕੋਟਿ ਜਨਮ ਕੇ ਪਾਪ ਲਹੇ ॥੩॥

ਰਤਨ ਜਨਮੁ ਇਹੁ ਸਫਲ ਭਇਆ ॥
ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥

Sahib Singh
ਤਿਆਸ = ਤ੍ਰੇਹ, ਪਿਆਸ, ਤ੍ਰਿਸ਼ਨਾ ।
ਅਗਿਆਨ = ਗਿਆਨ ਦੀ ਅਣਹੋਂਦ, ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੀ ਅਣਹੋਂਦ ।
ਸਾਧ = ਗੁਰੂ ।
ਅਘ = ਪਾਪ ।
ਘਨੇਰੇ = ਬਹੁਤ ।੧ ।
ਸਹਜ = ਆਤਮਕ ਅਡੋਲਤਾ ।
ਘਨਾ = ਬਹੁਤ ।
ਨਿਰਮਲ = ਪਵਿਤ੍ਰ ।੧।ਰਹਾਉ ।
ਮੂਰਖੁ = ਮੂਰਖਪੁਣਾ ।
ਢੀਠਾ = ਅਮੋੜ = ਪਨ ।
ਭਾਣਾ = ਰਜ਼ਾ ।੨ ।
ਗਹੇ = ਫੜੇ ।
ਕੋਟਿ = ਕ੍ਰੋੜਾਂ ।੩ ।
ਸਫਲ = ਕਾਮਯਾਬ ।
ਮਇਆ = ਦਇਆ ।੪ ।
    
Sahib Singh
(ਹੇ ਭਾਈ! ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ।੧।ਰਹਾਉ ।
(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ।੧ ।
(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ।੨ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ।੩ ।
(ਹੇ ਨਾਨਕ! ਆਖ—(ਜਿਨ੍ਹਾਂ ਮਨੁੱਖਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ਉਹਨਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ।੪।੧੫।੬੬ ।
Follow us on Twitter Facebook Tumblr Reddit Instagram Youtube