ਆਸਾ ਮਹਲਾ ੫ ॥
ਏਕੋ ਏਕੀ ਨੈਨ ਨਿਹਾਰਉ ॥
ਸਦਾ ਸਦਾ ਹਰਿ ਨਾਮੁ ਸਮ੍ਹਾਰਉ ॥੧॥

ਰਾਮ ਰਾਮਾ ਰਾਮਾ ਗੁਨ ਗਾਵਉ ॥
ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥

ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥
ਘਟ ਘਟ ਅੰਤਰਿ ਰਵਿਆ ਸੋਈ ॥੨॥

ਓਪਤਿ ਪਰਲਉ ਖਿਨ ਮਹਿ ਕਰਤਾ ॥
ਆਪਿ ਅਲੇਪਾ ਨਿਰਗੁਨੁ ਰਹਤਾ ॥੩॥

ਕਰਨ ਕਰਾਵਨ ਅੰਤਰਜਾਮੀ ॥
ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥

Sahib Singh
ਏਕੋ ਏਕੀ = ਇਕ ਪਰਮਾਤਮਾ ਹੀ ।
ਨਿਹਾਰਉ = ਨਿਹਾਰਉਂ, ਮੈਂ ਵੇਖਦਾ ਹਾਂ ।
ਸਮ@ਾਰਉ = ਮੈਂ ਹਿਰਦੇ ਵਿਚ ਟਿਕਾਈ ਰੱਖਦਾ ਹਾਂ ।੧।ਰਾਮਾ—ਰਮਾ, ਸੁੰਦਰ ।
ਗਾਵਉ = ਮੈਂ ਗਾਂਦਾ ਹਾਂ ।
ਸੰਤ ਪ੍ਰਤਾਪਿ = ਗੁਰੂ ਦੇ ਬਖ਼ਸ਼ੇ ਪ੍ਰਤਾਪ ਨਾਲ ।੧।ਰਹਾਉ ।
ਸਮਗ੍ਰੀ = ਚੀਜ਼ਾਂ, ਪਦਾਰਥ ।
ਸੂਤਿ = ਸੂਤਰ ਵਿਚ, ਮਰਯਾਦਾ ਵਿਚ ।
ਸੋਈ = ਉਹ ਪਰਮਾਤਮਾ ਹੀ ।੨ ।
ਓਪਤਿ = ਉਤਪੱਤੀ ।
ਪਰਲਉ = ਸਾਰੇ ਜਗਤ ਦਾ ਨਾਸ ।
ਅਲੇਪਾ = ਨਿਰਲੇਪ, ਵੱਖਰਾ ।
ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ।੩ ।
ਅਨੰਦ ਕਰੈ = ਹਰ ਵੇਲੇ ਪ੍ਰਸੰਨ ਰਹਿੰਦਾ ਹੈਂ ।੪ ।
    
Sahib Singh
ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ ।੧।ਰਹਾਉ ।
(ਹੇ ਭਾਈ! ਗੁਰੂ ਦੇ ਪ੍ਰਤਾਪ ਦਾ ਸਦਕਾ ਹੀ) ਮੈਂ ਹਰ ਥਾਂ ਪਰਮਾਤਮਾ ਨੂੰ ਹੀ ਵੱਸਦਾ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ, ਤੇ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹਾਂ ।੧ ।
(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ਜਿਸ (ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ ।੨ ।
(ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ, (ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ ।੩ ।
(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ (ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ ।੪।੧੩।੬੪ ।
Follow us on Twitter Facebook Tumblr Reddit Instagram Youtube