ਆਸਾ ਮਹਲਾ ੫ ॥
ਜਿਸੁ ਨੀਚ ਕਉ ਕੋਈ ਨ ਜਾਨੈ ॥
ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

ਦਰਸਨੁ ਮਾਗਉ ਦੇਹਿ ਪਿਆਰੇ ॥
ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥

ਜਾ ਕੈ ਨਿਕਟਿ ਨ ਆਵੈ ਕੋਈ ॥
ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥

ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥
ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥

ਸਾਧਸੰਗਿ ਮਨ ਸੋਵਤ ਜਾਗੇ ॥
ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥

Sahib Singh
ਨੀਚ ਕਉ = ਨੀਵੀਂ ਜਾਤੀ ਵਾਲੇ ਮਨੁੱਖ ਨੂੰ ।
ਨ ਜਾਨੈ = ਨਹੀਂ ਜਾਣਦਾ = ਪਛਾਣਦਾ, ਕਿਸੇ ਗਿਣਤੀ ਵਿਚ ਨਹੀਂ ਗਿਣਦਾ ।
ਚਹੁ ਕੁੰਟ = ਚਾਰੇ ਪਾਸੇ, ਸਾਰੇ ਸੰਸਾਰ ਵਿਚ ।
ਮਾਨੈ = ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ ।੧ ।
ਮਾਗਉ = ਮਾਂਗਉ, ਮੈਂ ਮੰਗਦਾ ਹਾਂ ।
ਪਿਆਰੇ = ਹੇ ਪਿਆਰੇ !
ਕਉਨ ਕਉਨ = ਕਿਸ ਕਿਸ ਨੂੰ, ਹਰੇਕ ਨੂੰ ।੧।ਰਹਾਉ ।
ਨਿਕਟਿ = ਨੇੜੇ ।
ਸਗਲ = ਸਾਰੀ ।
ਉਆ ਕੇ = ਉਸ ਦੇ ।
ਮਲਿ = ਮਲ ਮਲ ਕੇ ।
ਧੋਈ = ਧੋਂਦੀ ਹੈ ।੨ ।
ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ ।
ਤਾ ਕੋ ਨਾਮ ਜਪੀਐ = ਉਸ ਨੂੰ ਯਾਦ ਕੀਤਾ ਜਾਂਦਾ ਹੈ ।੩ ।
ਮਨ = ਹੇ ਮਨ !
ਨਾਨਕ = ਹੇ ਨਾਨਕ !
    ।੪ ।
    
Sahib Singh
ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ ।
ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ।੧।ਰਹਾਉ ।
ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ, ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ।੧ ।
ਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ (ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ।
ਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ (ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ।੩ ।
ਹੇ ਨਾਨਕ! (ਆਖ—) ਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ।੪।੧੨।੬੩ ।
Follow us on Twitter Facebook Tumblr Reddit Instagram Youtube