ਆਸਾ ਮਹਲਾ ੫ ॥
ਊਠਤ ਬੈਠਤ ਸੋਵਤ ਧਿਆਈਐ ॥
ਮਾਰਗਿ ਚਲਤ ਹਰੇ ਹਰਿ ਗਾਈਐ ॥੧॥

ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥
ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥

ਕਾਰਜਿ ਕਾਮਿ ਬਾਟ ਘਾਟ ਜਪੀਜੈ ॥
ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥

ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥
ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥

ਆਠ ਪਹਰ ਜਿਸੁ ਵਿਸਰਹਿ ਨਾਹੀ ॥
ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥

Sahib Singh
ਮਾਰਗਿ = ਰਸਤੇ ਉਤੇ ।
ਚਲਤ = ਤੁਰਦਿਆਂ ।
ਹਰੇ ਹਰਿ = ਹਰੀ ਹੀ ਹਰੀ ।੧ ।
ਸ੍ਰਵਨ = ਕੰਨਾਂ ਨਾਲ ।
ਸੁਨੀਜੈ = ਸੁਣਨੀ ਚਾਹੀਦੀ ਹੈ ।
ਅੰਮਿ੍ਰਤ ਕਥਾ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ।
ਜਾਸੁ ਸੁਨੀ = ਜਿਸ ਨੂੰ ਸੁਣਿਆਂ ।
ਮਨਿ = ਮਨ ਵਿਚ ।
ਮਨ = ਮਨ ਦੇ ।
ਸਗਲੇ = ਸਾਰੇ ।੧।ਰਹਾਉ ।
ਕਾਰਜਿ = ਹਰੇਕ ਕਾਜ ਵਿਚ ।
ਕਾਮਿ = ਹਰੇਕ ਕੰਮ ਵਿਚ ।
ਬਾਟ = ਰਾਹੇ ਤੁਰਦਿਆਂ ।
ਘਾਟ = ਪੱਤਣ (ਲੰਘਦਿਆਂ) ।੨ ।
ਦਿਨਸੁ = ਦਿਨ ।
ਰੈਨਿ = ਰਾਤ ।
ਜਮ ਕੀ ਵਾਟ = ਜਮ ਦੇ ਰਸਤੇ, ਉਸ ਜੀਵਨ-ਰਾਹ ਤੇ ਜਿਥੇ ਆਤਮਕ ਮੌਤ ਆ ਦਬਾਏ ।੩ ।
ਵਿਸਰਹਿ ਨਾਹੀ = ਤੂੰ ਨਹੀਂ ਵਿਸਰਦਾ ।
ਗਤਿ = ਉੱਚੀ ਆਤਮਕ ਅਵਸਥਾ ।
ਤਿਸੁ ਪਾਈ = ਉਸ ਦੇ ਚਰਨੀਂ ।੪ ।
    
Sahib Singh
(ਹੇ ਭਾਈ!) ਕੰਨਾਂ ਨਾਲ (ਪਰਮਾਤਮਾ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਸੁਣਦੇ ਰਹਿਣਾ ਚਾਹੀਦਾ ਹੈ ਜਿਸ ਦੇ ਸੁਣਿਆਂ ਮਨ ਵਿਚ ਆਤਮਕ ਆਨੰਦ ਪੈਦਾ ਹੁੰਦਾ ਹੈ ਤੇ ਮਨ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ।੧।ਰਹਾਉ ।
(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ (ਜਾਗਦਿਆਂ ਹਰ ਵੇਲੇ) ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਰਸਤੇ ਤੁਰਦਿਆਂ ਭੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਰਹਿਣਾ ਚਾਹੀਦਾ ਹੈ ।੧ ।
(ਹੇ ਭਾਈ!) ਹਰੇਕ ਕੰਮ ਕਾਜ ਕਰਦਿਆਂ, ਰਾਹੇ ਤੁਰਦਿਆਂ, ਪੱਤਣ ਲੰਘਦਿਆਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਤੇ ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦੇ ਰਹਿਣਾ ਚਾਹੀਦਾ ਹੈ ।੨ ।
(ਹੇ ਭਾਈ!) ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ (ਜੇਹੜਾ ਇਹ ਕੰਮ ਕਰਦਾ ਰਹਿੰਦਾ ਹੈ) ਜ਼ਿੰਦਗੀ ਦੇ ਸਫ਼ਰ ਵਿਚ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ ।੩ ।
ਹੇ ਨਾਨਕ! (ਆਖ—ਹੇ ਪ੍ਰਭੂ!) ਜਿਸ ਮਨੁੱਖ ਨੂੰ ਅੱਠੇ ਪਹਰ ਕਿਸੇ (ਵੇਲੇ ਭੀ) ਤੂੰ ਨਹੀਂ ਵਿਸਰਦਾ, ਉਸ ਦੀ ਚਰਨੀਂ ਲੱਗ ਕੇ (ਹੋਰ ਮਨੁੱਖਾਂ ਨੂੰ ਭੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ।੪।੧੦।੬੧ ।
Follow us on Twitter Facebook Tumblr Reddit Instagram Youtube