ਆਸਾ ਮਹਲਾ ੫ ॥
ਰਾਜ ਲੀਲਾ ਤੇਰੈ ਨਾਮਿ ਬਨਾਈ ॥
ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥

ਸਰਬ ਸੁਖਾ ਬਨੇ ਤੇਰੈ ਓਲ੍ਹੈ ॥
ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹੇ ॥੧॥ ਰਹਾਉ ॥

ਹੁਕਮੁ ਬੂਝਿ ਰੰਗ ਰਸ ਮਾਣੇ ॥
ਸਤਿਗੁਰ ਸੇਵਾ ਮਹਾ ਨਿਰਬਾਣੇ ॥੩॥

ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥
ਨਾਮਿ ਰਤਾ ਸੋਈ ਨਿਰਬਾਣੁ ॥੨॥

ਜਾ ਕਉ ਮਿਲਿਓ ਨਾਮੁ ਨਿਧਾਨਾ ॥
ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥

Sahib Singh
ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ ।
ਤੇਰੈ ਨਾਮਿ = ਤੇਰੇ ਨਾਮ ਨੇ ।
ਗਾਈ = ਮੈਂ ਗਾਂਦਾ ਹਾਂ ।੧ ।
ਤੇਰੈ ਓਲ@ੈ = ਤੇਰੇ ਆਸਰੇ (ਰਹਿਣ ਨਾਲ) ।
ਭ੍ਰਮ = ਭਟਕਣਾ ।੧।ਰਹਾਉ ।
ਬੂਝਿ = ਸਮਝ ਕੇ ।
ਨਿਰਬਾਣੇ = ਵਾਸਨਾ = ਰਹਿਤ ਅਵਸਥਾ ।੨ ।
ਜਿਨਿ = ਜਿਸ ਨੇ ।
ਤੂੰ = ਤੈਨੂੰ ।
ਉਦਾਸੀ = ਤਿਆਗੀ ।
ਪਰਵਾਣੁ = ਕਬੂਲ ।
ਨਾਮਿ = ਨਾਮ ਵਿਚ ।
ਨਿਰਬਾਣੁ = ਵਾਸਨਾ ਤੋਂ ਰਹਿਤ ।੩ ।
ਜਾ ਕਉ = ਜਿਸ ਨੂੰ ।
ਨਿਧਾਨਾ = ਖ਼ਜ਼ਾਨਾ ।
ਭਨਤਿ = ਆਖਦਾ ਹੈ ।
ਪੂਰ = ਭਰਿਆ ਹੋਇਆ ।੪ ।
    
Sahib Singh
ਹੇ ਪ੍ਰਭੂ! (ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ, ਤਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ ।੧।ਰਹਾਉ ।
ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ, ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ।
ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ, ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ।੨ ।
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗਿ੍ਰਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ ।
ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ।੩ ।
ਨਾਨਕ ਆਖਦਾ ਹੈ—ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ।੪।੬।੫੭ ।
Follow us on Twitter Facebook Tumblr Reddit Instagram Youtube