ਆਸਾ ਮਹਲਾ ੫ ॥
ਪਾਵਤੁ ਰਲੀਆ ਜੋਬਨਿ ਬਲੀਆ ॥
ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥

ਕਾਨ ਕੁੰਡਲੀਆ ਬਸਤ੍ਰ ਓਢਲੀਆ ॥
ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥

ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥
ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥

ਰੂਪ ਸੁੰਦਰੀਆ ਅਨਿਕ ਇਸਤਰੀਆ ॥
ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥

ਮਾਇਆ ਛਲੀਆ ਬਿਕਾਰ ਬਿਖਲੀਆ ॥
ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥

Sahib Singh
ਪਾਵਤੁ = ਪਾਂਦਾ ਹੈ, ਮਾਣਦਾ ਹੈ ।
ਰਲੀਆ = ਮੌਜਾਂ ।
ਜੋਬਨਿ = ਜੁਆਨੀ ਵਿਚ, ਜੁਆਨੀ ਦੇ ਸਮੇਂ ਵਿਚ ।
ਬਲੀਆ = ਬਲਵਾਨ, ਤਾਕਤ ਵਾਲਾ ।
ਮਾਟੀ ਸੰਗਿ = ਮਿੱਟੀ ਨਾਲ ।
ਰਲੀਆ = ਰਲ ਜਾਂਦਾ ਹੈ, ਮਿਲ ਜਾਂਦਾ ਹੈ ।੧ ।
ਕਾਨ = ਕੰਨਾਂ ਵਿਚ ।
ਕੁੰਡਲੀਆ = (ਸੋਨੇ ਦੇ) ਕੁੰਡਲ ।
ਓਡਲੀਆ = ਪਹਿਨਦਾ ।
ਸੇਜ ਸੁਖਲੀਆ = ਸੁਖਾਲੀ ਸੇਜ, ਨਰਮ ਨਰਮ ਬਿਸਤ੍ਰੇ ।
ਮਨਿ = ਮਨ ਵਿਚ ।
ਗਰਬਲੀਆ = ਗਰਬ ਕਰਦਾ ਹੈ, ਅਹੰਕਾਰ ਕਰਦਾ ਹੈ ।੧।ਰਹਾਉ ।
ਤਲੈ = ਹੇਠ ।
ਕੁੰਚਰੀਆ = ਹਾਥੀ ।
ਸਿਰਿ = ਸਿਰ ਉੱਤੇ ।
ਕਨਿਕ ਛਤਰੀਆ = ਸੋਨੇ ਦਾ ਛਤਰ ।
ਧਰਨਿ = ਧਰਤੀ ।
ਗਡਲੀਆ = ਦੱਬ ਦਿੱਤਾ ।੨ ।
ਸਭਿ = ਸਾਰੇ ।
ਫਿਕਰੀਆ = ਫਿੱਕੇ ।੩ ।
ਛਲੀਆ = ਛਲਣ ਵਾਲੀ, ਠੱਗਣ ਵਾਲੀ ।
ਬਿਖਲੀਆ = ਵਿਹੁਲੇ, ਜ਼ਹਰੀਲੇ ।
ਨਾਨਕ = ਹੇ ਨਾਨਕ !
ਪ੍ਰਭ = ਹੇ ਪ੍ਰਭੂ !
ਪੁਰਖ ਦਇਆਲੀਆ = ਹੇ ਦਇਆਲ ਪੁਰਖ !
    ।੪ ।
    
Sahib Singh
(ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ, ਨਰਮ ਨਰਮ ਬਿਸਤਿ੍ਰਆਂ ਉਤੇ (ਸੌਂਦਾ ਹੈ), (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖਿ਼ਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ ।
ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ।੧।ਰਹਾਉ ।
(ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ, ਸਰੀਰ ਆਖਿ਼ਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ ।੧ ।
(ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ, (ਤਾਂ ਭੀ ਸਰੀਰ ਆਖਿ਼ਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ ।੨ ।
(ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?) ਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ ।੩ ।
(ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ), (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ) ।ਹੇ ਨਾਨਕ! (ਆਖ—) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ।੪।੪।੫੫ ।
Follow us on Twitter Facebook Tumblr Reddit Instagram Youtube