ਆਸਾ ਮਹਲਾ ੫ ॥
ਦੂਖੁ ਘਨੋ ਜਬ ਹੋਤੇ ਦੂਰਿ ॥
ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥

ਚੁਕਾ ਨਿਹੋਰਾ ਸਖੀ ਸਹੇਰੀ ॥
ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥

ਨਿਕਟਿ ਆਨਿ ਪ੍ਰਿਅ ਸੇਜ ਧਰੀ ॥
ਕਾਣਿ ਕਢਨ ਤੇ ਛੂਟਿ ਪਰੀ ॥੨॥

ਮੰਦਰਿ ਮੇਰੈ ਸਬਦਿ ਉਜਾਰਾ ॥
ਅਨਦ ਬਿਨੋਦੀ ਖਸਮੁ ਹਮਾਰਾ ॥੩॥

ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥
ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥

Sahib Singh
ਘਨੋ = ਬਹੁਤ ।
ਦੂਰਿ = (ਪਰਮਾਤਮਾ ਦੀ ਹਜ਼ੂਰੀ ਤੋਂ) ਦੂਰ ।
ਮਸਲਤਿ = ਸਲਾਹ, ਸਿਖਿਆ, ਗੁਰੂ ਦੀ ਸਿਖਿਆ ।
ਮੋਹਿ = ਮੈਨੂੰ ।
ਹਦੂਰਿ = ਹਜ਼ੂਰੀ, ਪਰਮਾਤਮਾ ਦੀ ਹਜ਼ੂਰੀ ।੧ ।
ਚੁਕਾ = ਮੁੱਕ ਗਿਆ ਹੈ ।
ਨਿਹੋਰਾ = ਉਲਾਹਮਾ, ਗਿਲਾ = ਗੁਜ਼ਾਰੀ ।
ਸਖੀ ਸਹੇਰੀ = ਹੇ ਸਖੀ !
    ਹੇ ਸਹੇਲੀ !
ਗੁਰਿ = ਗੁਰੂ ਨੇ ।
ਮੇਰੀ = ਮੇਲੀ, ਮਿਲਾ ਦਿੱਤੀ ।੧।ਰਹਾਉ ।
ਨਿਕਟਿ = ਨੇੜੇ ।
ਆਨਿ = ਲਿਆ ਕੇ ।
ਪਿ੍ਰਅ ਸੇਜ = ਪਿਆਰੇ ਦੀ ਸੇਜ ਉਤੇ ।
ਧਰੀ = ਬਿਠਾ ਦਿੱਤੀ ।
ਕਾਣਿ = ਮੁਥਾਜੀ ।
ਤੇ = ਤੋਂ ।
ਛੂਟਿ ਪਰੀ = ਬਚ ਗਈ ਹਾਂ ।੨ ।
ਮੰਦਰਿ = ਹਿਰਦੇ = ਮੰਦਰ ਵਿਚ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਉਜਾਰਾ = ਆਤਮਕ ਜੀਵਨ ਦਾ ਚਾਨਣ ।
ਅਨਦ ਬਿਨੋਦੀ = ਸਾਰੇ ਆਨੰਦਾਂ ਦਾ ਚੋਜ-ਤਮਾਸ਼ਿਆਂ ਦਾ ਮਾਲਕ ।੩ ।
ਮਸਤਕਿ = ਮੱਥੇ ਉਤੇ ।
ਘਰਿ = ਹਿਰਦੇ = ਘਰ ਵਿਚ ।
ਥਿਰੁ = ਸਦਾ ਕਾਇਮ ਰਹਿਣ ਵਾਲਾ ।੪ ।
    
Sahib Singh
ਹੇ ਸਖੀ! ਹੇ ਸਹੇਲੀ! ਮੈਨੂੰ ਗੁਰੂ ਨੇ ਪਤੀ-ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ, ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ (ਪ੍ਰਭੂ-ਚਰਨਾਂ ਤੋਂ ਪਹਿਲੇ ਵਿਛੋੜੇ ਦੇ ਕਾਰਨ ਪੈਦਾ ਹੋਏ ਦੁੱਖਾਂ ਕਲੇਸ਼ਾਂ ਦਾ) ਉਲਾਹਮਾ ਦੇਣਾ ਮੁੱਕ ਗਿਆ ਹੈ ।੧।ਰਹਾਉ ।
ਹੇ ਸਖੀ! ਹੇ ਸਹੇਲੀ! ਜਦੋਂ ਮੈਂ ਪ੍ਰਭੂ-ਚਰਨਾਂ ਤੋਂ ਦੂਰ ਰਹਿੰਦੀ ਸਾਂ ਮੈਨੂੰ ਬਹੁਤ ਦੁੱਖ (ਵਾਪਰਦਾ ਰਹਿੰਦਾ ਸੀ) ਹੁਣ (ਗੁਰੂ ਦੀ) ਸਿੱਖਿਆ ਦੀ ਬਰਕਤਿ ਨਾਲ ਮੈਨੂੰ (ਪ੍ਰਭੂ ਦੀ) ਹਜ਼ੂਰੀ ਪ੍ਰਾਪਤ ਹੋ ਗਈ ਹੈ (ਮੈਂ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹਾਂ, ਇਸ ਵਾਸਤੇ ਕੋਈ ਦੁੱਖ-ਕਲੇਸ਼ ਮੈਨੂੰ ਪੋਹ ਨਹੀਂ ਸਕਦਾ) ।੧ ।
ਹੇ ਸਖੀ! (ਗੁਰੂ ਨੇ) ਮੈਨੂੰ ਪ੍ਰਭੂ-ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ-ਪਤੀ ਦੀ ਸੇਜ ਉਤੇ ਬਿਠਾਲ ਦਿੱਤਾ ਹੈ (ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ) ।
ਹੁਣ (ਧਿਰ ਧਿਰ ਦੀ) ਮੁਥਾਜੀ ਕਰਨ ਤੋਂ ਮੈਂ ਬਚ ਗਈ ਹਾਂ ।੨ ।
(ਹੇ ਸਖੀ! ਹੇ ਸਹੇਲੀ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੇਰੇ ਹਿਰਦੇ-ਮੰਦਰ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਸਾਰੇ ਆਨੰਦਾਂ ਤੇ ਚੋਜ-ਤਮਾਸ਼ਿਆਂ ਦਾ ਮਾਲਕ ਮੇਰਾ ਖਸਮ-ਪ੍ਰਭੂ (ਮੈਨੂੰ ਮਿਲ ਗਿਆ ਹੈ) ।੩ ।
ਹੇ ਦਾਸ ਨਾਨਕ! (ਆਖ—ਹੇ ਸਖੀ!) ਮੇਰੇ ਮੱਥੇ ਉਤੇ (ਦਾ) ਭਾਗ ਜਾਗ ਪਿਆ ਹੈ (ਕਿਉਂਕਿ) ਮੇਰਾ ਪਤੀ-ਪ੍ਰਭੂ ਮੇਰੇ (ਹਿਰਦੇ-) ਘਰ ਵਿਚ ਆ ਗਿਆ ਹੈ, ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ ।੪।੨।੫੩ ।
Follow us on Twitter Facebook Tumblr Reddit Instagram Youtube