ਆਸਾ ਮਹਲਾ ੫ ॥
ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥
ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥੧॥

ਬਾਬਾ ਬਿਖੁ ਦੇਖਿਆ ਸੰਸਾਰੁ ॥
ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥੧॥ ਰਹਾਉ ॥

ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥
ਵਿਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥੨॥

ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥
ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥੩॥

ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥
ਨਾਨਕ ਕੇ ਪ੍ਰਭ ਸਦਾ ਸੁਖਦਾਤੇ ਮੈ ਤਾਣੁ ਤੇਰਾ ਇਕੁ ਨਾਉ ॥੪॥੭॥੪੬॥

Sahib Singh
ਸਾਹਿਬੁ = ਮਾਲਕ ।
ਸਾਲਾਹੀ = ਮੈਂ ਸ਼ਲਾਘਾ ਕਰਾਂ ।
ਸਭੁ ਕਿਛੁ = ਹਰੇਕ (ਲੋੜੀਂਦੀ) ਚੀਜ਼ ।੧ ।
ਬਾਬਾ = ਹੇ ਪ੍ਰਭੂ !
ਬਿਖੁ = ਜ਼ਹਰ ।
ਸੰਸਾਰੁ = ਜਗਤ (ਦਾ ਮੋਹ) ।
ਗੁਸਾਈ ਮੇਰੇ = ਹੇ ਮੇਰੇ ਮਾਲਕ !
ਆਧਾਰੁ = ਆਸਰਾ ।੧।ਰਹਾਉ ।
ਜਾਣਹਿ = ਤੂੰ ਜਾਣਦਾ ਹੈਂ ।
ਬਿਰਥਾ = {Òਯਥਾ} ਪੀੜਾ ।
ਸਭਾ = ਸਾਰੀ ।
ਪਹਿ = ਪਾਸ, ਕੋਲ ।
ਬਉਰਾਇਆ = ਝੱਲਾ ਹੋਇਆ ।੨ ।
ਕਿਹਾ ਕਹੀਐ = ਕੁਝ ਨਹੀਂ ਕਹਿਣਾ ਚਾਹੀਦਾ ।
ਜਿ = ਜੋ ਕੁਝ ।
ਵਰਤੈ = ਵਰਤ ਰਿਹਾ ਹੈ, ਹੋ ਰਿਹਾ ਹੈ ।੩ ।
ਇਤ ਉਤ = ਲੋਕ ਪਰਲੋਕ ਵਿਚ ।
ਤੁਝਹਿ = ਤੈਨੂੰ ਹੀ ।
ਤਾਣੁ = ਬਲ, ਸਹਾਰਾ ।੪ ।
    
Sahib Singh
ਹੇ ਪ੍ਰਭੂ! ਮੈਂ ਵੇਖ ਲਿਆ ਹੈ ਕਿ ਸੰਸਾਰ (ਦਾ ਮੋਹ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ।
ਹੇ ਮੇਰੇ ਖਸਮ-ਪ੍ਰਭੂ! (ਇਸ ਜ਼ਹਰ ਤੋਂ) ਮੈਨੂੰ ਬਚਾਈ ਰੱਖ, ਤੇਰਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣਿਆ ਰਹੇ ।੧।ਰਹਾਉ ।
ਹੇ ਪ੍ਰਭੂ! ਜੇ ਤੂੰ ਮਾਲਕ (ਮੇਰੇ ਸਿਰ ਉਤੇ ਹੱਥ ਰੱਖੀ ਰੱਖੇਂ, ਤਾਂ ਮੈਨੂੰ ਮਾਇਆ-ਜ਼ਹਰ ਤੋਂ) ਕੋਈ ਡਰ-ਖ਼ਤਰਾ ਨਹੀਂ ਹੋ ਸਕਦਾ, ਮੈਂ ਤੈਥੋਂ ਬਿਨਾ ਕਿਸੇ ਹੋਰ ਦੀ ਸ਼ਲਾਘਾ ਨਹੀਂ ਕਰਦਾ (ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਮਾਇਆ-ਜ਼ਹਰ ਤੋਂ ਬਚਾਣ ਦੇ ਸਮਰਥ ਨਹੀਂ ਸਮਝਦਾ) ।
ਹੇ ਪ੍ਰਭੂ! ਜੇ ਇਕ ਤੂੰ ਹੀ ਮੇਰੇ ਵੱਲ ਰਹੇਂ ਤਾਂ ਹਰੇਕ ਲੋੜੀਂਦੀ ਸ਼ੈ ਮੇਰੇ ਪਾਸ ਹੈ, ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਈ ਨਹੀਂ ਹੈ ।੧ ।
ਹੇ ਪ੍ਰਭੂ! ਤੂੰ ਹੀ (ਹਰੇਕ ਜੀਵ ਦੇ) ਮਨ ਦੀ ਸਾਰੀ ਪੀੜਾ ਜਾਣਦਾ ਹੈਂ, ਤੈਥੋਂ ਬਿਨਾ ਕਿਸੇ ਹੋਰ ਨੂੰ ਆਪਣੇ ਮਨ ਦਾ ਦੁੱਖ-ਦਰਦ ਦੱਸਣਾ ਵਿਅਰਥ ਹੈ ।
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ।
ਜੇ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏ ਤਾਂ ਆਤਮਕ ਆਨੰਦ ਮਾਣੀਦਾ ਹੈ ।੨ ।
(ਹੇ ਭਾਈ! ਆਪਣੇ ਮਨ ਦਾ ਦੁੱਖ-ਦਰਦ) ਜੋ ਕੁਝ ਭੀ ਆਖਣਾ ਹੋਵੇ ਪਰਮਾਤਮਾ ਦੇ ਕੋਲ ਹੀ ਆਖਣਾ ਚਾਹੀਦਾ ਹੈ, ਉਸ ਤੋਂ ਬਿਨਾ ਕਿਸੇ ਹੋਰ ਨੂੰ ਕੁਝ ਨਹੀਂ ਕਹਿਣਾ ਚਾਹੀਦਾ (ਕਿਉਂਕਿ ਪਰਮਾਤਮਾ ਹੀ ਸਾਡੇ ਦੁੱਖ ਦੂਰ ਕਰਨ ਜੋਗਾ ਹੈ) ।
ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ ।
ਅਸਾਨੂੰ ਜੀਵਾਂ ਨੂੰ ਸਦਾ ਤੇਰੀ ਸਹਾਇਤਾ ਦੀ ਹੀ ਆਸ ਹੋ ਸਕਦੀ ਹੈ ।੩ ।
ਹੇ ਪ੍ਰਭੂ! ਜੇ ਤੂੰ ਮੈਨੂੰ ਕੋਈ ਮਾਣ-ਵਡਿਆਈ ਬਖ਼ਸ਼ਦਾ ਹੈਂ ਤਾਂ ਇਸ ਨਾਲ ਭੀ ਤੇਰੀ ਹੀ ਸੋਭਾ ਖਿਲਰਦੀ ਹੈਕਿਉਂਕਿ ਮੈਂ ਤਾਂ ਇਸ ਲੋਕ ਤੇ ਪਰਲੋਕ ਵਿਚ ਸਦਾ ਹੀ ਤੇਰਾ ਹੀ ਧਿਆਨ ਧਰਦਾ ਹਾਂ ।
ਹੇ ਨਾਨਕ ਦੇ ਪ੍ਰਭੂ! ਹੇ ਸਦਾ ਸੁਖ ਦੇਣ ਵਾਲੇ ਪ੍ਰਭੂ! ਤੇਰਾ ਨਾਮ ਹੀ ਮੇਰੇ ਵਾਸਤੇ ਸਹਾਰਾ ਹੈ ।੪।੭।੪੬ ।
Follow us on Twitter Facebook Tumblr Reddit Instagram Youtube