ਆਸਾ ਮਹਲਾ ੫ ॥
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥
ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥
ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥

ਬਾਝੁ ਥੂਨੀਆ ਛਪਰਾ ਥਾਮ੍ਹਿਆ ਨੀਘਰਿਆ ਘਰੁ ਪਾਇਆ ਰੇ ॥
ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥

ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥
ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥

ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ ॥
ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥

Sahib Singh
ਅਧਮ = ਨੀਚ ।
ਚੰਡਾਲੀ = ਚੰਡਾਲਣ ।
ਸੂਦੀ = ਸ਼ੂਦਰਨੀ ।
ਤੇ = ਤੋਂ ।
ਸ੍ਰੇਸਟਾਈ = ਉੱਤਮ ।
ਰੇ = ਹੇ ਭਾਈ !
ਸਖਨੀ = ਸੱਖਣੀ, ਖ਼ਾਲੀ, ਅਸੰਤੁਸ਼ਟ ।
ਲਹਬਰ = {ਅਰਬੀ ‘ਲਹਬ’—ਅੱਗ ਦੀ ਲਾਟ} ।
ਬੂਝੀ = ਬੁੱਝ ਗਈ ।
ਖਾਈ = ਖਾਧੀ ਗਈ, ਮੁੱਕ ਗਈ ।੧ ।
ਬਿਲਾਈ = ਬਿੱਲੀ ।
ਘਰ ਕੀ ਬਿਲਾਈ = ਮਨ ਦੀ ਸੰਤੋਖ-ਹੀਣ ਬਿਰਤੀ ।
ਅਵਰ ਸਿਖਾਈ = ਹੋਰ ਤ੍ਰਹਾਂ ਸਿਖਾਈ ਗਈ ।
ਮੂਸਾ = ਚੂਹਾ ।
ਅਜ = ਬੱਕਰੀ, ਨਿਮ੍ਰਤਾ ।
ਗੁਰਿ = ਗੁਰੂ ਨੇ ।
ਕੇਹਰਿ = ਸ਼ੇਰ, ਅਹੰਕਾਰ ।
ਕੂਕਰ = ਕੁੱਤਾ, ਤਮੋ ਗੁਣ ਵਾਲੇ ਇੰਦ੍ਰੇ ।
ਤਿਨਹਿ = ਤਿ੍ਰਣ, ਘਾਹ ।੧।ਰਹਾਉ ।
ਥੂਨੀਆ = ਥੰਮ੍ਹੀਆਂ ।
ਨੀਘਰਿਆ = ਨਿ = ਘਰਾ, ਭਟਕਦਾ ਫਿਰਦਾ ।
ਜੜੀਆ = ਸੁਨਿਆਰਾ ।
ਜੜਾਵਾ = ਜੜਾਊ ਗਹਣਾ ।
ਥੇਵਾ = ਨਗ ।੨ ।
ਦਾਦੀ = ਫ਼ਰਿਆਦੀ, ਗਿਲੇ ਕਰਨ ਵਾਲਾ ।
ਦਾਦਿ = ਇਨਸਾਫ਼ ।
ਚੂਪੀ = ਸ਼ਾਂਤ ਰਹਿਣ ਵਾਲਾ ।
ਨਿਰਨਉ = ਇਨਸਾਫ਼ ।
ਮਾਲਿ = ਮੱਲ ਕੇ ।
ਦੁਲੀਚੈ = ਦੁਲੀਚੇ ਉੱਤੇ ।
ਮਿਰਤਕੁ = ਆਮ ਤੌਰ ਤੇ ਮੁਰਦਾ ।
ਨੈਨਦਿਖਾਲਨੁ = ਹੋਰਨਾਂ ਨੂੰ ਅੱਖਾਂ ਵਿਖਾਣਾ, ਘੂਰਨਾ ।
ਧਾਇਆ = ਦੂਰ ਹੋ ਗਿਆ ।੩ ।
ਅਜਾਣੁ = ਮੂਰਖ ।
ਜਾਨਾ = ਜਾਣਦਾ ਹਾਂ ।
ਜਾਨਣਹਾਰੁ = ਜਿਸ ਨੇ ਜਾਣ ਲਿਆ ਹੈ ਉਹ ।
ਛਾਨਾ = ਲੁਕਿਆ ਹੋਇਆ ।
ਗੁਰਿ = ਗੁਰੂ ਨੇ ।
ਰਸਕਿ = ਸੁਆਦ ਲਾ ਕੇ ।
ਬਿਗਸਾਨਾ = ਖਿੜਿਆ ਰਹਿੰਦਾ ਹੈ ।੪ ।
    
Sahib Singh
(ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮਿ੍ਰਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬਿ੍ਰਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ ।
ਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦਿ੍ਰਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ ।੧।ਰਹਾਉ ।
ਹੇ ਭਾਈ! ਨਾਮ ਅੰਮਿ੍ਰਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬਿ੍ਰਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ ।
ਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ ।੧ ।
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮਿ੍ਰਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮਿ੍ਹਆ ਗਿਆ ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ ।
ਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ ।੨ ।
(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮਿ੍ਰਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ) ।
(ਨਾਮ-ਅੰਮਿ੍ਰਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ ।੩ ।
ਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ ।
ਹੇ ਨਾਨਕ! ਆਖ—ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ ।੪।੫।੪੪ ।
Follow us on Twitter Facebook Tumblr Reddit Instagram Youtube