ਆਸਾ ਮਹਲਾ ੫ ॥
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥
ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥

ਨਿੰਦਕਿ ਅਹਿਲਾ ਜਨਮੁ ਗਵਾਇਆ ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥

ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥

ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥

ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥

Sahib Singh
ਮਲੁ = ਪਾਪਾਂ ਦੀ ਮੈਲ ।
ਪਰਾਈ = ਹੋਰਨਾਂ ਦੀ ।
ਈਹਾ = ਇਸ ਲੋਕ ਵਿਚ ।
ਢੋਈ = ਆਸਰਾ, ਟਿਕਾਣਾ ।
ਜਮਪੁਰਿ = ਜਮ ਦੇ ਨਗਰ ਵਿਚ ।
ਜਾਇ = ਜਾ ਕੇ ।
ਪਚਾਵੈ = ਖ਼ੁਆਰ ਹੁੰਦਾ ਹੈ, ਦੁੱਖੀ ਹੁੰਦਾ ਹੈ ।੧ ।
ਨਿੰਦਕਿ = ਨਿੰਦਕ ਨੇ ।
ਅਹਿਲਾ = ਕੀਮਤੀ ।
ਕਾਹੂ ਬਾਤੈ = ਕਿਸੇ ਭੀ ਗੱਲ ਵਿਚ ।
ਆਗੈ = ਪਰਲੋਕ ਵਿਚ।੧।ਰਹਾਉ ।
ਕਿਰਤੁ = ਪਿਛਲੇ ਜਨਮਾਂ ਵਿਚ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਦਾ ਇਕੱਠ ।
ਪਇਆ = ਪੇਸ਼ ਪਿਆ, ਉੱਘੜ ਆਇਆ ।
ਬਪੁਰਾ = ਵਿਚਾਰਾ, ਬਦ = ਨਸੀਬ, ਮੰਦ-ਭਾਗੀ ।
ਤਹਾ = ਉਸ ਥਾਂ, ਉਸ ਨਿੱਘਰੀ ਆਤਮਕ ਅਵਸਥਾ ਵਿਚ ।
ਬਿਗੂਤਾ = ਖ਼ੁਆਰ ਹੁੰਦਾ ਹੈ ।
ਪਹਿ = ਪਾਸ ।੨ ।
ਗਤਿ = ਉੱਚੀ ਆਤਮਕ ਅਵਸਥਾ ।
ਕਤ ਹੂੰ = ਕਿਤੇ ਭੀ ।
ਏਵੈਂ = ਇਉਂ ਹੀ ।੩ ।
ਸਹਾਈ = ਮਦਦਗਾਰ ।੪ ।
    
Sahib Singh
(ਹੇ ਭਾਈ!) ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ ।
(ਸੰਤਾਂ ਦੀ ਨਿੰਦਾ ਕਰ ਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਮੈਂ ਉਹਨਾਂ ਦੇ ਥਾਂ ਆਦਰ-ਸਤਕਾਰ ਹਾਸਲ ਕਰ ਲਵਾਂਗਾ, ਪਰ ਉਹ ਨਿੰਦਕ) ਕਿਸੇ ਗੱਲੇ ਭੀ (ਸੰਤ ਜਨਾਂ) ਦੀ ਬਰਾਬਰੀ ਨਹੀਂ ਕਰ ਸਕਦਾ, (ਨਿੰਦਾ ਦੇ ਕਾਰਨ) ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ।੧।ਰਹਾਉ ।
(ਨਿੰਦਕ) ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ (ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿਚ ਇਕੱਠੀ ਕਰ ਲੈਂਦਾ ਹੈ, ਇਸ ਤ੍ਰਹਾਂ ਉਹ) ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ ।
(ਨਿੰਦਾ ਦੇ ਕਾਰਨ ਉਸ ਨੂੰ) ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਦੁਖੀ ਹੁੰਦਾ ਰਹਿੰਦਾ ਹੈ ।੧ ।
ਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ (ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵਲ ਪ੍ਰੇਰਦੇ ਹਨ) ।
ਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ ।
ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ ।੨ ।
ਖਸਮ-ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ (ਸੰਤ ਜਨਾਂ ਦੀ) ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ (ਕਿਉਂਕਿ ਉਹ ਉੱਚੀ ਆਤਮਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਾ ਕਰਦਾ ਹੈ ।
ਦੂਜੇ ਪਾਸੇ) ਜਿਉਂ ਜਿਉਂ ਕੋਈ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਦਾ ਹੈ (ਉਕਾਈਆਂ ਨਸ਼ਰ ਕਰਦਾ ਹੈ) ਤਿਉਂ ਤਿਉਂ ਸੰਤ ਜਨ ਇਸ ਵਿਚ ਸੁਖ ਪ੍ਰਤੀਤ ਕਰਦੇ ਹਨ (ਉਹਨਾਂ ਨੂੰ ਆਪਣੇ ਆਤਮਕ ਜੀਵਨ ਦੀ ਪੜਤਾਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ) ।੩ ।
ਹੇ ਮਾਲਕ-ਪ੍ਰਭੂ! ਤੇਰੇ ਸੰਤਾਂ ਨੂੰ (ਜੀਵਨ-ਅਗਵਾਈ ਵਾਸਤੇ) ਸਦਾ ਤੇਰਾ ਆਸਰਾ ਰਹਿੰਦਾ ਹੈ, ਤੂੰ (ਸੰਤਾਂ ਦਾ ਜੀਵਨ ਉੱਚਾ ਕਰਨ ਵਿਚ) ਮਦਦਗਾਰ ਭੀ ਬਣਦਾ ਹੈਂ ।
ਹੇ ਨਾਨਕ! ਆਖ—(ਉਸ ਨਿੰਦਾ ਦੀ ਬਰਕਤਿ ਨਾਲ) ਸੰਤਾਂ ਨੂੰ ਤਾਂ ਪਰਮਾਤਮਾ (ਮੰਦ ਕਰਮਾਂ ਤੋਂ) ਬਚਾਈ ਰੱਖਦਾ ਹੈ ਪਰ ਨਿੰਦਾ ਕਰਨ ਵਾਲਿਆਂ ਨੂੰ (ਉਹਨਾਂ ਦੇ ਨਿੰਦਾ ਦੇ ਹੜ ਵਿਚ) ਰੋੜ੍ਹ ਦੇਂਦਾ ਹੈ (ਉਹਨਾਂ ਦੇ ਆਤਮਕ ਜੀਵਨ ਨੂੰ ਨਿੰਦਾ ਦੇ ਹੜ ਵਿਚ ਰੋੜ੍ਹ ਕੇ ਮੁਕਾ ਦੇਂਦਾ ਹੈ) ।੪।੨।੪੧ ।
Follow us on Twitter Facebook Tumblr Reddit Instagram Youtube