ਆਸਾ ਮਹਲਾ ੫ ॥
ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ ॥
ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥

ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥
ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥

ਜੈਸੇ ਜਨਨਿ ਜਠਰ ਮਹਿ ਪ੍ਰਾਨੀ ਓਹੁ ਰਹਤਾ ਨਾਮ ਅਧਾਰਿ ॥
ਅਨਦੁ ਕਰੈ ਸਾਸਿ ਸਾਸਿ ਸਮ੍ਹਾਰੈ ਨਾ ਪੋਹੈ ਅਗਨਾਰਿ ॥੨॥

ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥
ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥

ਗ੍ਰਿਹੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ ॥
ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਹਾਰਿ ॥੪॥੩੭॥

Sahib Singh
ਅਵਿਗਤੁ = {ਅÒਯ#ਤ} ਅਦਿ੍ਰਸ਼ਟ ।
ਅਗੋਚਰੁ = {ਅ = ਗੋ-ਚਰੁ} ਜੋ ਗਿਆਨ-ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈ ।
ਆਕਾਰੁ = ਦਿੱਸਦਾ ਸੰਸਾਰ ।
ਕਰਹ = ਅਸੀ ਕਰੀਏ ।
ਤੁਝੈ ਮਝਾਰਿ = ਤੇਰੇ (ਹੁਕਮ ਦੇ) ਅੰਦਰ ।੧ ।
ਲੀਲਾ = ਖੇਡ, ਚੋਜ ।
ਧਾਰਿ = ਧਾਰ ਕੇ, ਕਰ ਕੇ ।
ਅਗਮ = {ਅਗੰਯ} ਅਪਹੁੰਚ ।੧।ਰਹਾਉ ।
ਜਨਨਿ = ਮਾਂ ।
ਜਠਰ = ਪੇਟ ।
ਅਧਾਰਿ = ਆਸਰੇ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਅਗਨਾਰਿ = ਅੱਗ ।੨ ।
ਦਾਰਾ = ਇਸਤ੍ਰੀ ।
ਨਿਵਾਰਿ = ਦੂਰ ਕਰ ।
ਕਮਲ = ਕੌਲ = ਫੁੱਲ ।
ਸੇਵੀ = ਸੇਵੀਂ, ਮੈਂ ਸੇਵਾ ਕਰਾਂ ।
ਰਿਦ = ਹਿਰਦਾ ।
ਆਧਾਰਿ = ਆਸਰੇ ਨਾਲ ।੩ ।
ਸੰਗਾਰਿ = ਸੰਗ ਜਾਣ ਵਾਲਾ ।
ਜੀਵਹਿ = ਤੂੰ ਜੀਊਂਦਾ ਹੈਂ ।
ਕਲੀ ਕਾਲ ਮਹਿ = ਜਗਤ ਵਿਚ {ਨੋਟ:- ਸਾਧਾਰਣ ਹਾਲਤ ਵਿਚ ‘ਕਲਿਜੁਗ’ ਵਰਤਿਆ ਹੈ ਕਿਉਂਕਿ ਜਿਸ ਜੁਗ ਵਿਚ ਸਤਿਗੁਰੂ ਜੀ ਆਏ ਉਸ ਦਾ ਨਾਮ ‘ਕਲਿਜੁਗ’ ਪ੍ਰਸਿਧ ਹੈ ।
ਇਥੇ ‘ਕਲੀ = ਕਾਲ’ ਤੋਂ ਭਾਵ ਹੈ ‘ਸੰਸਾਰ, ਜਗਤ’} ।
ਸਮ@ਾਰਿ = ਸੰਭਾਲ, ਹਿਰਦੇ ਵਿਚ ਪ੍ਰੋ ਰੱਖ ।੪ ।
    
Sahib Singh
ਹੇ ਮੇਰੇ ਸਤਿਗੁਰ! ਹੇ ਮੇਰੇ ਅਪਹੁੰਚ ਤੇ ਬੇਅੰਤ ਠਾਕੁਰ! ਆਪਣੇ ਬੱਚਿਆਂ ਨੂੰ ਆਪਣਾ ਕੌਤਕ ਵਰਤਾ ਕੇ (ਵਿਕਾਰਾਂ ਤੋਂ) ਬਚਾਈ ਰੱਖ ।
ਮੈਨੂੰ ਸੁਚੱਜੀ ਮਤਿ ਦੇਹ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ।੧।ਰਹਾਉ ।
(ਹੇ ਠਾਕੁਰ!) ਤੂੰ ਬੇਅੰਤ ਹੈਂ ਤੂੰ ਅਦਿ੍ਰਸ਼ਟ ਹੈਂ, ਤੂੰ ਗਿਆਨ-ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈਂ, ਇਹ ਦਿੱਸਦਾ ਜਗਤ ਸਾਰਾ ਤੇਰਾ ਹੀ ਰਚਿਆ ਹੋਇਆ ਹੈ ।
ਅਸੀ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਸਾਹਮਣੇ ਆਪਣੀ ਲਿਆਕਤ ਦਾ ਕੀਹ ਵਿਖਾਵਾ ਕਰ ਸਕਦੇ ਹਾਂ ?
ਜੋ ਕੁਝ ਹੋ ਰਿਹਾ ਹੈ ਸਭ ਤੇਰੇ ਹੁਕਮ ਅੰਦਰ ਹੋ ਰਿਹਾ ਹੈ ।੧ ।
(ਹੇ ਠਾਕੁਰ! ਇਹ ਤੇਰਾ ਹੀ ਚੋਜ ਹੈ ਜਿਵੇਂ) ਜੀਵ ਮਾਂ ਦੇ ਪੇਟ ਵਿਚ ਰਹਿੰਦਾ ਹੋਇਆ ਤੇਰੇ ਨਾਮ ਦੇ ਆਸਰੇ ਜੀਊਂਦਾ ਹੈ (ਮਾਂ ਦੇ ਪੇਟ ਵਿਚ) ਉਹ ਹਰੇਕ ਸਾਹ ਦੇ ਨਾਲ (ਤੇਰਾ ਨਾਮ) ਯਾਦ ਕਰਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ਉਸ ਨੂੰ ਮਾਂ ਦੇ ਪੇਟ ਦੀ ਅੱਗ ਸੇਕ ਨਹੀਂ ਅਪੜਾ ਸਕਦੀ ।੨ ।
(ਹੇ ਠਾਕੁਰ! ਜਿਵੇਂ ਤੂੰ ਮਾਂ ਦੇ ਪੇਟ ਵਿਚ ਰੱਖਿਆ ਕਰਦਾ ਹੈਂ ਤਿਵੇਂ ਹੁਣ ਭੀ) ਪਰਾਇਆ ਧਨ, ਪਰਾਈਇਸਤ੍ਰੀ, ਪਰਾਈ ਨਿੰਦਾ—ਇਹਨਾਂ ਵਿਕਾਰਾਂ ਨਾਲੋਂ ਮੇਰੀ ਪ੍ਰੀਤਿ ਦੂਰ ਕਰ ।
(ਮੇਹਰ ਕਰ) ਪੂਰੇ ਗੁਰੂ ਦਾ ਆਸਰਾ ਲੈ ਕੇ ਮੈਂ ਤੇਰੇ ਸੋਹਣੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ ।੩ ।
ਹੇ ਦਾਸ ਨਾਨਕ! (ਆਖ—ਹੇ ਭਾਈ!) ਘਰ ਮੰਦਰ ਮਹਲ-ਮਾੜੀਆਂ ਜੇਹੜੇ ਭੀ ਤੈਨੂੰ ਦਿੱਸ ਰਹੇ ਹਨ ਇਹਨਾਂ ਵਿਚੋਂ ਕੋਈ ਭੀ ਤੇਰੇ ਨਾਲ (ਅੰਤ ਵੇਲੇ) ਨਹੀਂ ਜਾਇਗਾ ।
(ਇਸ ਵਾਸਤੇ) ਜਦ ਤਕ ਤੂੰ ਜਗਤ ਵਿਚ ਜੀਊਂਦਾ ਹੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖ (ਇਹੀ ਅਸਲੀ ਸਾਥੀ ਹੈ) ।੪।੩੭ ।

ਨੋਟ: ਇਹਨਾਂ ਤਿੰਨ ਸ਼ਬਦਾਂ ਦੇ ਸ਼ੁਰੂ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਨੂੰ ਕਿਸ ‘ਘਰ’ ਵਿਚ ਗਾਵਣਾ ਹੈ ।
ਪਹਿਲੇ ੩੪ ਸ਼ਬਦ ‘ਘਰੁ ੨’ ਦੇ ਸਨ ।
ਅਗਾਂਹ ‘ਘਰੁ ੩’ ਚੱਲ ਪਿਆ ਹੈ ।
Follow us on Twitter Facebook Tumblr Reddit Instagram Youtube