ਦੂਜੇ ਘਰ ਕੇ ਚਉਤੀਸ ॥
ਆਸਾ ਮਹਲਾ ੫ ॥
ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥
ਪੀੜ ਗਈ ਫਿਰਿ ਨਹੀ ਦੁਹੇਲੀ ॥੧॥ ਰਹਾਉ ॥

ਕਰਿ ਕਿਰਪਾ ਚਰਨ ਸੰਗਿ ਮੇਲੀ ॥
ਸੂਖ ਸਹਜ ਆਨੰਦ ਸੁਹੇਲੀ ॥੧॥

ਸਾਧਸੰਗਿ ਗੁਣ ਗਾਇ ਅਤੋਲੀ ॥
ਹਰਿ ਸਿਮਰਤ ਨਾਨਕ ਭਈ ਅਮੋਲੀ ॥੨॥੩੫॥

Sahib Singh
ਜਾ ਕਾ = ਜਿਸ (ਮਨੁੱਖ) ਦਾ ।
ਬੇਲੀ = ਮਦਦਗਾਰ, ਸਹਾਈ ।
ਸੁਆਮੀ = ਮਾਲਕ ।
ਦੁਹੇਲੀ = ਦੁਖੀ, ਦੁੱਖ ਭਰੀ ।੧।ਰਹਾਉ ।
ਸੰਗਿ = ਨਾਲ ।
ਸਹਜ = ਆਤਮਕ ਅਡੋਲਤਾ ।
ਸੁਹੇਲੀ = ਸੁਖੀ, ਸੁਖ = ਭਰੀ ।੧ ।
ਸਾਧ ਸੰਗਿ = ਸਾਧ ਸੰਗਤਿ ਵਿਚ ।
ਗਾਇ = ਗਾ ਕੇ ।
ਅਤੋਲੀ = ਜੋ ਤੋਲੀ ਨ ਜਾ ਸਕੇ, ਜਿਸ ਦੇ ਬਰਾਬਰ ਦੀ ਕੋਈ ਹੋਰ ਚੀਜ਼ ਨਾਹ ਮਿਲ ਸਕੇ ।
ਅਮੋਲੀ = ਜਿਸ ਦਾ ਮੁੱਲ ਨਾਹ ਪੈ ਸਕੇ ।੨ ।
    
Sahib Singh
(ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ, ਉਸ ਦਾ ਹਰੇਕ ਕਿਸਮ ਦਾ ਦੁੱਖ-ਦਰਦ ਦੂਰ ਹੋ ਜਾਂਦਾ ਹੈ ਉਸ ਨੂੰ ਮੁੜ ਕਦੇ ਦੁਖ ਘੇਰ ਨਹੀਂ ਸਕਦੇ ।੧।ਰਹਾਉ ।
(ਹੇ ਭਾਈ!) ਜਿਸ ਜੀਵ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਸ ਦੇ ਅੰਦਰ ਸੁਖ ਆਨੰਦ ਆਤਮਕ ਅਡੋਲਤਾ ਆ ਵੱਸਦੇ ਹਨ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ ।੧ ।
ਹੇ ਨਾਨਕ! ਸਾਧ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾ ਕੇ ਪਰਮਾਤਮਾ ਦਾ ਸਿਮਰਨ ਕਰ ਕੇ (ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਉਸ ਦੇ) ਬਰਾਬਰ ਦਾ ਕੋਈ ਨਹੀਂ ਮਿਲ ਸਕਦਾ, ਉਸ ਦੀ ਕੀਮਤ ਦਾ ਕੋਈ ਨਹੀਂ ਲੱਭ ਸਕਦਾ ।੨।੩੫ ।
Follow us on Twitter Facebook Tumblr Reddit Instagram Youtube