ਆਸਾ ਮਹਲਾ ੫ ॥
ਸਦਾ ਸਦਾ ਆਤਮ ਪਰਗਾਸੁ ॥
ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥

ਰਾਮ ਨਾਮ ਨਿਤਿ ਜਪਿ ਮਨ ਮੇਰੇ ॥
ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥

ਕਹੁ ਨਾਨਕ ਜਾ ਕੇ ਪੂਰਨ ਕਰਮ ॥
ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥

Sahib Singh
ਆਤਮ ਪਰਗਾਸੁ = ਆਤਮਕ ਜੀਵਨ ਦਾ ਚਾਨਣ, ਇਹ ਚਾਨਣ ਕਿ ਆਤਮਕ ਜੀਵਨ ਕਿਵੇਂਜੀਵੀਦਾ ਹੈ ।੧ ।
ਨਿਤਿ = ਸਦਾ ।
ਮਨ = ਹੇ ਮਨ !
ਕਿਲਵਿਖ = ਪਾਪ ।੧।ਰਹਾਉ ।
ਕਰਮ = ਭਾਗ ।
ਭੇਟੇ = ਮਿਲਦਾ ਹੈ ।੨ ।
    
Sahib Singh
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ।
ਹੇ ਮਨ! (ਨਾਮ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ ।੧।ਰਹਾਉ ।
(ਹੇ ਭਾਈ!) ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ ।੧ ।
(ਪਰ) ਹੇ ਨਾਨਕ! ਆਖ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ ਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ।੨।੩੪ ।

ਨੋਟ: ਦੂਜੇ ਘਰ ਕੇ ਚਉਤੀਸ ।
ਆਰੰਭ ਵਿਚ ਸਿਰ-ਲੇਖ ਆਇਆ ਸੀ—ਘਰੁ ੨ ਮਹਲਾ ੫ ।
ਘਰ ਦੂਜੇ ਦੇ ਸੰਗ੍ਰਹਿ ਵਿਚ ੩੪ ਸ਼ਬਦ ਹਨ ।
Follow us on Twitter Facebook Tumblr Reddit Instagram Youtube