ਆਸਾ ਮਹਲਾ ੫ ॥
ਹਰਿ ਜਨ ਲੀਨੇ ਪ੍ਰਭੂ ਛਡਾਇ ॥
ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥

ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥
ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥

ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥
ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥

Sahib Singh
ਹਰਿ ਜਨ = ਪਰਮਾਤਮਾ ਦੇ ਭਗਤ ।
ਛਡਾਇ ਲੀਨੇ = ਬਚਾ ਲਏ ਹਨ ।
ਸਿਉ = ਨਾਲ ।
ਤਾਪੁ = (ਮਾਇਆ ਦੇ ਮੋਹ ਦਾ) ਤਾਪ ।
ਬਿਖੁ = ਜ਼ਹਰ ।
ਬਿਖੁ ਖਾਇ = ਜ਼ਹਰ ਖਾ ਕੇ ।੧।ਰਹਾਉ ।
ਤਾਊ = ਤਾਉ, ਤਾਪ {ਨੋਟ: = ਇਸ ਸ਼ਬਦ ਵਿਚ ਮਾਇਆ ਦੇ ਪ੍ਰਭਾਵ ਨੂੰ ਮਲੇਰੀਏ ਤਾਪ ਨਾਲ ਉਪਮਾ ਦਿੱਤੀ ਹੈ ।
    ਮਲੇਰੀਏ ਵਿਚ ਪਹਿਲਾਂ ਕਾਂਬਾ ਛਿੜਦਾ ਹੈ ਤੇ ਭਾਰੇ ਕੱਪੜਿਆਂ ਦੀ ਲੋੜ ਪੈਂਦੀ ਹੈ ।
    ਫਿਰ ਫੂਕ ਕੇ ਤਾਪ ਚੜ੍ਹ ਜਾਂਦਾ ਹੈ} ।
ਪਾਲਾ ਤਾਊ ਕਛੂ ਨ = ਨਾਹ ਕਾਂਬਾ ਨਾਹ ਤਾਪ (ਨਾਹ ਮਾਇਆ ਦਾ ਲਾਲਚ ਅਤੇ ਨਾਹ ਕੋਈ ਸਹਮ) ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ।
ਡਾਕੀ ਕੋ ਕਛੂ = ਮਾਇਆ ਡੈਣ ਦਾ ਕੁਝ ਭੀ (ਪ੍ਰਭਾਵ) ।
ਚਿਤਿ = ਚਿੱਤ ਉਤੇ ।੧ ।
ਸੰਤ = ਗੁਰੂ ।
ਪ੍ਰਸਾਦਿ = ਕਿਰਪਾ ਨਾਲ ।
ਸਹਾਇ = ਸਹਾਈ ।
ਨਿਧਾਨ = ਖ਼ਜ਼ਾਨੇ ।
ਸਹਸਾ = ਸਹਮ ।੨ ।
    
Sahib Singh
(ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ ।
(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਭੀ ਪ੍ਰੀਤਮ-ਪਰਮਾਤਮਾ ਨਾਲ ਗਿੱਝਿਆ ਹੈ, ਮੇਰਾ ਭੀ (ਮਾਇਆ ਦਾ) ਤਾਪ (ਇਉਂ) ਮੁੱਕ ਗਿਆ ਹੈ (ਜਿਵੇਂ ਕੋਈ ਪ੍ਰਾਣੀ) ਜ਼ਹਰ ਖਾ ਕੇ ਮਰ ਜਾਂਦਾ ਹੈ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ (ਮਨੁੱਖ ਦੇ) ਚਿੱਤ ਤੇ (ਮਾਇਆ-) ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ ।
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਜ਼ੋਰ ਪਾ ਸਕਦਾ ਹੈ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ ।੧ ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ ।
ਹੁਣ (ਗੁਰੂ ਦੀ ਕਿਰਪਾ ਨਾਲ) ਨਾਨਕ (ਮਾਇਆ ਦਾ) ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ।੨।੩੧ ।
Follow us on Twitter Facebook Tumblr Reddit Instagram Youtube