ਆਸਾ ਮਹਲਾ ੫ ॥
ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥
ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥

ਤੁਮਰੀ ਓਟ ਤੁਮਾਰੀ ਆਸਾ ॥
ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥

ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥
ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥

Sahib Singh
ਅਵਰੁ = ਹੋਰ ।
ਮਾਹੀ = ਵਿਚ ।
ਸੰਗੀ = ਸਾਥੀ ।
ਜੀਅ = ਹੇ ਜਿੰਦੇ !
ਕਾਹੇ ਡਰਾਹੀ = ਕਿਉਂ ਡਰਦੀ ਹੈਂ ?
    ।੧ ।
ਓਟ = ਆਸਰਾ ।
ਸਾਸ = ਸਾਹ ।
ਗਿਰਾਸਾ = ਗਿਰਾਹੀ ।੧।ਰਹਾਉ ।
ਪ੍ਰਭ = ਹੇ ਪ੍ਰਭੂ !
ਵਿਕਰਾਲਾ = ਡਰਾਉਣਾ ।
ਸਾਗਰ = ਸਮੁੰਦਰ ।
ਬਾਲ = ਬੱਚੇ ।
ਗੁਪਾਲਾ = ਹੇ ਗੋਪਾਲ !
    ।੨ ।
    
Sahib Singh
ਹੇ ਗੋਪਾਲ! ਮੈਨੂੰ ਤੇਰਾ ਹੀ ਸਹਾਰਾ ਹੈ, ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ ।
(ਹੇ ਪ੍ਰਭੂ! ਮੇਹਰ ਕਰ) ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ ।੧।ਰਹਾਉ ।
ਹੇ ਮੇਰੀ ਜਿੰਦੇ! ਤੂੰ ਕਿਉਂ ਡਰਦੀ ਹੈਂ ?
(ਹਰ ਵੇਲੇ ਇਉਂ ਅਰਦਾਸ ਕਰਿਆ ਕਰ—) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ ।
ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ ਤੂੰ ਹੀ ਮੇਰਾ ਮਾਲਕ ਹੈਂ ।੧ ।
ਹੇ ਪ੍ਰਭੂ! ਇਹ ਅੱਗ ਦਾ ਸਮੁੰਦਰ (ਸੰਸਾਰ ਬੜਾ) ਡਰਾਉਣਾ ਹੈ (ਇਸ ਤੋਂ ਬਚਨ ਲਈ) ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ ।
ਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ।੨।੩੦ ।
Follow us on Twitter Facebook Tumblr Reddit Instagram Youtube