ਆਸਾ ਮਹਲਾ ੫ ਤਿਪਦੇ ੨ ॥
ਹਰਿ ਰਸੁ ਪੀਵਤ ਸਦ ਹੀ ਰਾਤਾ ॥
ਆਨ ਰਸਾ ਖਿਨ ਮਹਿ ਲਹਿ ਜਾਤਾ ॥
ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥
ਆਨ ਰਸਾ ਮਹਿ ਵਿਆਪੈ ਚਿੰਦ ॥੧॥

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥
ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥

ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥
ਹਰਿ ਰਸੁ ਸਾਧੂ ਹਾਟਿ ਸਮਾਇ ॥
ਲਾਖ ਕਰੋਰੀ ਮਿਲੈ ਨ ਕੇਹ ॥
ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥

ਨਾਨਕ ਚਾਖਿ ਭਏ ਬਿਸਮਾਦੁ ॥
ਨਾਨਕ ਗੁਰ ਤੇ ਆਇਆ ਸਾਦੁ ॥
ਈਤ ਊਤ ਕਤ ਛੋਡਿ ਨ ਜਾਇ ॥
ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥

Sahib Singh
ਨੋਟ: = ਤਿਪਦੇ ੨ = ਤਿੰਨ ਬੰਦਾਂ ਵਾਲੇ ਦੋ ਸ਼ਬਦ ।
ਪੀਵਤ = ਪੀਂਦਿਆਂ ।
ਸਦ = ਸਦਾ ।
ਰਾਤਾ = ਰੰਗਿਆ ਹੋਇਆ, ਮਸਤ ।
ਆਨ = {ਅਂਯ} ਹੋਰ ।
ਮਾਤੇ = ਮਸਤ, ਮਤਵਾਲੇ ।
ਮਨਿ = ਮਨ ਵਿਚ ।
ਵਿਆਪੈ = ਜ਼ੋਰ ਪਾ ਲੈਂਦੀ ਹੈ ।
ਚਿੰਦ = ਚਿੰਤਾ ।੧ ।
ਅਲਮਸਤੁ = ਪੂਰਨ ਤੌਰ ਤੇ ਮਸਤ ।
ਮਤਵਾਰਾ = ਮਤਵਾਲਾ, ਆਸ਼ਿਕ ।
ਸਭਿ = ਸਾਰੇ ।
ਹੋਛੇ = ਫਿੱਕੇ ।੧।ਰਹਾਉ ।
ਕੀਮਤਿ = ਮੁੱਲ ।
ਸਾਧੂ ਹਾਟਿ = ਗੁਰੂ ਦੇ ਹੱਟ ਵਿਚ, ਗੁਰੂ ਦੀ ਸੰਗਤਿ ਵਿਚ ।
ਸਮਾਇ = ਟਿਕਿਆ ਰਹਿੰਦਾ ਹੈ ।
ਕੇਹ = ਕਿਸੇ ਨੂੰ ।
ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਲਿਖੀ ਹੈ ਪ੍ਰਾਪਤੀ ।
ਦੇਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ।੨ ।
ਚਾਖਿ = ਚੱਖ ਕੇ ।
ਤੇ = ਤੋਂ, ਪਾਸੋਂ ।
ਸਾਦੁ = ਸੁਆਦ, ਆਨੰਦ ।
ਈਤ ਊਤ = ਇਸ ਲੋਕ ਵਿਚ ਤੇ ਪਰਲੋਕ ਵਿਚ ।
ਕਤ = ਕਿਤੇ ਭੀ ।
ਗੀਧਾ = ਗਿੱਝਾ ਹੋਇਆ ।੩ ।
    
Sahib Singh
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮਿ੍ਰਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰਤੇ ਮਸਤ ਰਹਿੰਦਾ ਹੈ ਉਹ ਉਸ ਨਾਮ-ਰਸ ਦਾ ਆਸ਼ਿਕ ਬਣ ਜਾਂਦਾ ਹੈ, ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਫਿੱਕੇ ਜਾਪਦੇ ਹਨ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦਾ ਨਾਮ-ਅੰਮਿ੍ਰਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ (ਕਿਉਂਕਿ ਨਾਮ-ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ, ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ) ਹੋਰ ਹੋਰ ਰਸਾਂ ਦਾ ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ ।
ਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ, ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ ।੧ ।
(ਹੇ ਭਾਈ! ਹਰਿ-ਨਾਮ-ਰਸ ਦੁਨੀਆ ਦੇ ਧਨ-ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ) ਪਰਮਾਤਮਾ ਦੇ ਨਾਮ-ਰਸ ਦਾ ਮੁੱਲ (ਧਨ-ਪਦਾਰਥ ਦੀ ਸ਼ਕਲ ਵਿਚ) ਬਿਆਨ ਹੀ ਨਹੀਂ ਕੀਤਾ ਜਾ ਸਕਦਾ ।
ਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ ।
ਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ ।
ਹੇ ਪ੍ਰਭੂ! ਜਿਸ ਮਨੁੱਖ ਦੇ ਭਾਗਾਂ ਵਿਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦੇਂਦਾ ਹੈਂ ।੨ ।
ਹੇ ਨਾਨਕ! (ਇਹ ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ ।
ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ (ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰਥ ਵੇਖਦਾ ਹੈ) ।
ਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ (ਜਿਸ ਨੂੰ ਇਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ) ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ, ਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ ।੩।੨੭ ।
Follow us on Twitter Facebook Tumblr Reddit Instagram Youtube