ਆਸਾ ਮਹਲਾ ੫ ॥
ਬੁਧਿ ਪ੍ਰਗਾਸ ਭਈ ਮਤਿ ਪੂਰੀ ॥
ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥

ਐਸੀ ਗੁਰਮਤਿ ਪਾਈਅਲੇ ॥
ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥

ਮਹਾ ਅਗਾਹ ਅਗਨਿ ਕਾ ਸਾਗਰੁ ॥
ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥

ਦੁਤਰ ਅੰਧ ਬਿਖਮ ਇਹ ਮਾਇਆ ॥
ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥

ਜਾਪ ਤਾਪ ਕਛੁ ਉਕਤਿ ਨ ਮੋਰੀ ॥
ਗੁਰ ਨਾਨਕ ਸਰਣਾਗਤਿ ਤੋਰੀ ॥੪॥੨੬॥

Sahib Singh
ਪ੍ਰਗਾਸ = (ਆਤਮਕ ਜੀਵਨ ਦਾ) ਚਾਨਣ ।
ਪੂਰੀ = ਉਕਾਈਹੀਣ ।
ਤਾ ਤੇ = ਉਸ ਤੋਂ, ਉਸ ਦੀ ਸਹਾਇਤਾ ਨਾਲ ।
ਦੂਰੀ = ਵਿੱਥ ।੧ ।
ਪਾਈਅਲੇ = ਮੈਂ ਪ੍ਰਾਪਤ ਕੀਤੀ ਹੈ ।
ਬੂਡਤ = ਡੁੱਬਦਾ ।
ਘੋਰ ਅੰਧ = ਘੁੱਪ ਹਨੇਰਾ ।
ਕੂਪ = ਖੂਹ ।੧।ਰਹਾਉ ।
ਅਗਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ, ਜੋ ਗਾਹਿਆ ਨਾਹ ਜਾ ਸਕੇ ।
ਸਾਗਰੁ = ਸਮੁੰਦਰ ।
ਬੋਹਿਥੁ = ਜਹਾਜ਼ ।
ਰਤਨਾਗਰੁ = ਰਤਨਾਕਰ, ਰਤਨ = ਆਕਰ, ਰਤਨਾਂ ਦੀ ਖਾਣ ।੨ ।
ਦੁਤਰ = ਦੁੱਤਰ, {ਦੁÔਤਰ} ਜਿਸ ਤੋਂ ਪਾਰ ਲੰਘਣਾ ਅੌਖਾ ਹੈ ।
ਬਿਖਮ = ਅੌਖਾ ।
ਗੁਰਿ = ਗੁਰੂ ਨੇ ।
ਮਾਰਗੁ = ਰਸਤਾ ।
ਪਰਗਟੁ = ਸਾਫ਼ ।੩।ਉਕਤਿ—ਦਲੀਲ ।
ਮੋਰੀ = ਮੇਰੀ, ਮੇਰੇ ਪਾਸ ।
ਗੁਰ = ਹੇ ਗੁਰੂ !
    ।੪ ।
    
Sahib Singh
ਹੇ ਮੇਰੇ ਵੀਰ! ਮੈਂ ਗੁਰੂ ਪਾਸੋਂ ਅਜੇਹੀ ਮਤਿ ਪ੍ਰਾਪਤ ਕਰ ਲਈ ਹੈ ਜਿਸ ਦੀ ਸਹਾਇਤਾ ਨਾਲ ਮੈਂ ਮਾਇਆ ਦੇ ਘੁੱਪ ਹਨੇਰੇ ਖੂਹ ਵਿਚੋਂ ਡੁਬਦਾ ਡੁਬਦਾ ਬਚ ਨਿਕਲਿਆ ਹਾਂ ।੧।ਰਹਾਉ ।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੀ) ਬੁੱਧੀ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ਮੇਰੀ ਅਕਲ ਉਕਾਈ-ਹੀਣ ਹੋ ਗਈ ਹੈ, ਇਸ ਦੀ ਸਹਾਇਤਾ ਨਾਲ ਮੇਰੀ ਭੈੜੀ ਮਤਿ ਦਾ ਨਾਸ ਹੋ ਗਿਆ ਹੈ, ਮੇਰੀ ਪਰਮਾਤਮਾ ਨਾਲੋਂ ਵਿੱਥ ਮਿਟ ਗਈ ਹੈ ।੧ ।
(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਇਕ ਬੜਾ ਅਥਾਹ ਸਮੁੰਦਰ ਹੈ, ਰਤਨਾਂ ਦੀ ਖਾਣ ਗੁਰੂ (ਮਾਨੋ) ਜਹਾਜ਼ ਹੈ ਜੋ (ਇਸ ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ।੨ ।
(ਹੇ ਵੀਰ!) ਇਹ ਮਾਇਆ (ਮਾਨੋ, ਇਕ ਸਮੁੰਦਰ ਹੈ ਜਿਸ ਵਿਚੋਂ) ਪਾਰ ਲੰਘਣਾ ਅੌਖਾ ਹੈ ਜਿਸ ਵਿਚ ਘੁੱਪ ਹਨੇਰਾ ਹੀ ਹਨੇਰਾ ਹੈ (ਇਸ ਵਿਚੋਂ ਪਾਰ ਲੰਘਣ ਲਈ) ਪੂਰੇ ਗੁਰੂ ਨੇ ਮੈਨੂੰ ਸਾਫ਼ ਰਸਤਾ ਵਿਖਾ ਦਿੱਤਾ ਹੈ ।੩ ।
ਹੇ ਨਾਨਕ! (ਆਖ—) ਹੇ ਗੁਰੂ! ਮੇਰੇ ਪਾਸ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਸਿਆਣਪ ਨਹੀਂ, ਮੈਂ ਤਾਂ ਤੇਰੀ ਹੀ ਸਰਨ ਆਇਆ ਹਾਂ (ਮੈਨੂੰ ਇਸ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈ) ।੪।੨੬ ।
Follow us on Twitter Facebook Tumblr Reddit Instagram Youtube