ਆਸਾ ਮਹਲਾ ੫ ॥
ਅਨਦ ਬਿਨੋਦ ਭਰੇਪੁਰਿ ਧਾਰਿਆ ॥
ਅਪੁਨਾ ਕਾਰਜੁ ਆਪਿ ਸਵਾਰਿਆ ॥੧॥

ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥
ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥

ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥
ਆਪੇ ਕਰਤਾ ਅਵਰੁ ਨ ਕੋਇ ॥੨॥

ਜੀਅ ਜੰਤ ਸਭਿ ਤਾ ਕੈ ਹਾਥਿ ॥
ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥

ਪੂਰਾ ਗੁਰੁ ਪੂਰੀ ਬਣਤ ਬਣਾਈ ॥
ਨਾਨਕ ਭਗਤ ਮਿਲੀ ਵਡਿਆਈ ॥੪॥੨੪॥

Sahib Singh
ਬਿਨੋਦ = ਕੌਤਕ, ਤਮਾਸ਼ੇ ।
ਭਰੇਪੁਰਿ = ਭਰਪੂਰ ਪ੍ਰਭੂ ਨੇ, ਸਰਬ-ਵਿਆਪਕ ਪਰਮਾਤਮਾ ਨੇ ।
ਧਾਰਿਆ = ਧਾਰੇ ਹਨ, ਰਚੇ ਹਨ ।
ਕਾਰਜੁ = ਕੀਤਾ ਹੋਇਆ ਜਗਤ, ਰਚਿਆ ਹੋਇਆ ਸੰਸਾਰ ।੧ ।
ਪੂਰ ਸਮਗ੍ਰੀ = ਸਾਰੇ ਜਗਤ ਦੇ ਪਦਾਰਥ ।
ਭਰਿਪੁਰਿ = ਭਰਪੂਰ, ਹਰ ਥਾਂ ।
ਧਾਰਿ ਰਹੀ = ਖਿੱਲਰ ਰਹੀ ਹੈ ।
ਸੋਭ = ਸੋਭਾ ।
ਜਾ ਕੀ = ਜਿਸ (ਠਾਕੁਰ) ਦੀ ।੧।ਰਹਾਉ ।
ਨਿਧਾਨੁ = ਖ਼ਜ਼ਾਨਾ ।
ਸੋਇ = ਸੋਭਾ, ਵਡਿਆਈ ।
ਨਿਰਮਲ = ਪਵਿਤ੍ਰ ਕਰਨ ਵਾਲੀ ।
ਆਪੇ = ਆਪ ਹੀ ।੧ ।
ਜੀਅ = {ਲਫ਼ਜ਼ ‘ਜੀਉ’ ਤੋਂ ਬਹੁ-ਵਚਨ} ।
ਸਭਿ = ਸਾਰੇ ।
ਕੈ ਹਾਥਿ = ਦੇ ਹੱਥ ਵਿਚ ।
ਰਵਿ ਰਹਿਆ = ਮੌਜੂਦ ਹੈ, ਵੱਸ ਰਿਹਾ ਹੈ ।
ਸਾਥਿ = ਨਾਲ ।੩ ।
ਗੁਰ = ਸਭ ਤੋਂ ਵੱਡਾ ।
ਪੂਰੀ = ਜਿਸ ਵਿਚ ਕੋਈ ਉਕਾਈ ਨਹੀਂ ।
ਭਗਤ = ਭਗਤਾਂ ਨੂੰ ।੪ ।
    
Sahib Singh
ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ, ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ ।੧।ਰਹਾਉ ।
ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ, ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ।੧ ।
ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ।੨ ।
(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ, ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ।੩ ।
ਹੇ ਨਾਨਕ! ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ, ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ।੪।੨੪ ।
Follow us on Twitter Facebook Tumblr Reddit Instagram Youtube