ਆਸਾ ਮਹਲਾ ੫ ॥
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥
ਕਾਚੀ ਪਾਕੀ ਬਾਢਿ ਪਰਾਨੀ ॥੧॥

ਜੋ ਜਨਮੈ ਸੋ ਜਾਨਹੁ ਮੂਆ ॥
ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥

ਦਿਨ ਤੇ ਸਰਪਰ ਪਉਸੀ ਰਾਤਿ ॥
ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥

ਮਾਇਆ ਮੋਹਿ ਸੋਇ ਰਹੇ ਅਭਾਗੇ ॥
ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥

ਕਹੁ ਨਾਨਕ ਗੁਣ ਗਾਈਅਹਿ ਨੀਤ ॥
ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥

Sahib Singh
ਕਿਰਸਾਣੁ = ਕਿਸਾਨ ।
ਕਿਰਸਾਨੀ = ਖੇਤੀ, ਪੈਲੀ ।
ਕਾਚੀ = ਕੱਚੀ ।
ਪਾਕੀ = ਪੱਕੀ ।
ਬਾਢਿ = ਬਾਢੈ, ਵੱਢ ਲੈਂਦਾ ਹੈ ।
ਪਰਾਨੀ = ਹੇ ਪ੍ਰਾਣੀ !
    ।੧ ।
ਜਾਨਹੁ = ਯਕੀਨ ਜਾਣੋ ।
ਅਸਥਿਰੁ = (ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ।
ਥੀਆ = ਹੋ ਗਿਆ ਹੈ ।੧।ਰਹਾਉ ।
ਤੇ = ਤੋਂ ।
ਸਰਪਰ = ਜ਼ਰੂਰ ।
ਪਉਸੀ = ਪਏਗੀ ।
ਰੈਣਿ = ਰਾਤ ।
ਪਰਭਾਤਿ = ਸਵੇਰ ।੨ ।
ਮੋਹਿ = ਮੋਹ ਵਿਚ ।
ਅਭਾਗੇ = ਬਦ = ਨਸੀਬ ਬੰਦੇ ।
ਕੋ = ਕੋਈ ।੩ ।
ਗਾਈਅਹਿ = ਗਾਏ ਜਾਣੇ ਚਾਹੀਦੇ ਹਨ ।
ਨੀਤ = ਸਦਾ ।
ਚੀਤ = ਚਿੱਤ, ਮਨ ।
ਨਿਰਮਲ = ਪਵਿਤ੍ਰ ।੪ ।
    
Sahib Singh
ਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ (ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤ੍ਰਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ।੧।(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੁੰਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ ।
ਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ।੧।ਰਹਾਉ ।
(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ, ਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤ੍ਰਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ।੨ ।
(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ ।
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ ।੩ ।
ਹੇ ਨਾਨਕ! ਆਖ—(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ (ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ।੪।੧੯ ।
Follow us on Twitter Facebook Tumblr Reddit Instagram Youtube